ਪੰਜਾਬ ''ਚ ਰੁਕੇ 180 ਯਾਤਰੀਆਂ ਨੂੰ ਲੈਣ ਲਈ ਜਹਾਜ਼ ਅੰਮ੍ਰਿਤਸਰ ਪੁੱਜਾ
Monday, Mar 30, 2020 - 06:03 PM (IST)
ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਵਿਸ਼ਵ ਭਰ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਕਹਿਰ ਕਾਰਨ ਇਕ ਪਾਸੇ ਜਿੱਥੇ ਵਿਦੇਸ਼ਾਂ 'ਚ ਵੀ ਹਵਾਈ ਸੇਵਾ ਠੱਪ ਹੋ ਕੇ ਰਹਿ ਗਈ, ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਕ ਡਾਊਨ ਕਰਨ ਕਰਕੇ ਇੰਟਰਨੈਸ਼ਨਲ ਉਡਾਣਾਂ ਰੱਦ ਹੋਣ ਕਾਰਨ ਪੰਜਾਬ 'ਚ ਫਸੇ 180 ਮਲੇਸ਼ੀਆ ਨਾਲ ਸਬੰਧਤ ਵਿਦੇਸ਼ੀ ਯਾਤਰੀਆਂ ਨੂੰ ਲੈਣ ਲਈ ਇਕ ਏਅਰ ਮਲਿੰਡੋ ਦਾ ਹਵਾਈ ਜਹਾਜ਼ ਬਿਨਾਂ ਯਾਤਰੀਆਂ ਤੋਂ ਖਾਲੀ ਅੰਮ੍ਰਿਤਸਰ ਪੁੱਜਾ। ਜਿਸ ਦੌਰਾਨ ਪੰਜਾਬ 'ਚ ਰੁਕੇ 180 ਯਾਤਰੀਆਂ 'ਚੋਂ 179 ਯਾਤਰੀ ਮਲੇਸ਼ੀਆ ਨੂੰ ਰਵਾਨਾ ਹੋ ਗਏ ਪਰ ਜ਼ਿਲਾ ਤਰਨਤਾਰਨ ਨਾਲ ਸਬੰਧਤ ਇਕ ਔਰਤ ਕੁਲਦੀਪ ਕੌਰ ਮਲੇਸ਼ੀਆ ਵਾਪਸ ਪਰਤਨ ਲਈ ਰਾਜਾਸਾਂਸੀ ਹਵਾਈ ਅੱਡੇ 'ਤੇ ਨਾ ਪਹੁੰਚੀ, ਜਿਸ ਕਰਕੇ ਏਅਰ ਮਲਿੰਡੋ ਦੀ ਉਡਾਣ ਰਾਹੀਂ 179 ਯਾਤਰੀ ਵਾਪਸ ਮਲੇਸ਼ੀਆ (ਕੁਆਲਾਲੰਪਰ) ਲਈ ਰਵਾਨਾ ਹੋ ਗਏ।
ਇਹ ਵੀ ਪੜ੍ਹੋ ► ਵੱਡੀ ਖਬਰ : ਮੋਹਾਲੀ 'ਚ ਕੋਰੋਨਾ ਦਾ ਨਵਾਂ ਕੇਸ, ਪੰਜਾਬ 'ਚ ਕੁੱਲ 39 ਮਾਮਲੇ ਆਏ ਸਾਹਮਣੇ
ਕੁਆਲਾਲੰਪਰ ਲਈ ਰਵਾਨਾ ਹੋਣ ਵਾਲੇ ਯਾਤਰੀਆਂ ਦੀ ਲਿਸਟ ਅਨੁਸਾਰ 180 ਸਨ। ਯਾਤਰੀਆਂ ਦੀ ਲਿਸਟ ਅਨੁਸਾਰ ਦਿੱਲੀ ਦੇ 8, ਜੋਧਪੁਰ ਅਤੇ ਰਾਜਸਥਾਨ ਨਾਲ ਸਬੰਧਤ ਇਕ-ਇਕ ਯਾਤਰੀ ਤੋਂ ਇਲਾਵਾ ਬਾਕੀ 170 ਯਾਤਰੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਪ੍ਰਵਾਸੀ ਯਾਤਰੀ ਸਨ, ਜੋ ਕਿ ਮਲੇਸ਼ੀਆ ਦੇ ਪੱਕੇ ਵਸਨੀਕ ਹਨ। ਜਿਹੜੇ ਕਿ ਟੂਰਿਸਟ ਵੀਜ਼ੇ 'ਤੇ ਭਾਰਤ ਪੁੱਜੇ ਸਨ, ਜੋ ਕਿ ਦੇਸ਼ ਭਰ 'ਚ ਕੋਰੋਨਾ ਦੇ ਕਹਿਰ ਦੇ ਚੱਲਦਿਆਂ ਮਲੇਸ਼ੀਆ ਵਾਪਸ ਨਹੀਂ ਪਹੁੰਚ ਸਕੇ ਸਨ। ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 39 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 7, ਹੁਸ਼ਿਆਰਪੁਰ ਦੇ 6, ਜਲੰਧਰ ਦੇ 5, ਲੁਧਿਆਣਾ 1 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ
ਇਹ ਵੀ ਪੜ੍ਹੋ ► ਅੰਮ੍ਰਿਤਸਰ ਦੀ ਡਾਕਟਰ ਨੇ ਕੋਵਿਡ-19 ਇਲਾਜ ਸਬੰਧੀ ਪੰਜਾਬ ਸਰਕਾਰ 'ਤੇ ਲਗਾਇਆ ਵੱਡਾ ਦੋਸ਼