ਐਡਵੋਕੇਟ ਜਗਰੂਪ ਸੇਖਵਾਂ ਨੂੰ ਮਿਲੀ ਜ਼ਮਾਨਤ
Friday, Jul 20, 2018 - 01:51 AM (IST)
ਗੁਰਦਾਸਪੁਰ/ਬਟਾਲਾ (ਜਗ ਬਾਣੀ ਟੀਮ) - ਪਿਛਲੇ ਸਾਲ ਇÎਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਵਾਪਰੇ ਘਟਨਾਕ੍ਰਮ ਦੌਰਾਨ ਤਿੱਬੜ ਥਾਣੇ ਦੀ ਪੁਲਸ ਵੱਲੋਂ ਦਰਜ ਕੀਤੇ ਮਾਮਲੇ 'ਚ ਹਲਕਾ ਕਾਦੀਆਂ ਨਾਲ ਸਬੰਧਤ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੂੰ ਜ਼ਮਾਨਤ ਮਿਲ ਗਈ ਹੈ।ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਵੱਡੀ ਗਿਣਤੀ 'ਚ ਸਿੱਖ ਸੰਗਤ ਅਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਦੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਚ ਜਾ ਰਹੀ ਸੀ ਤਾਂ ਪੁਲਸ ਵੱਲੋਂ ਤਤਕਾਲੀਨ ਹਾਲਾਤ ਦੇ ਮੱਦੇਨਜ਼ਰ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਜਾਣ ਤੋਂ ਰੋਕਿਆ ਗਿਆ ਸੀ ਪਰ ਉਸ ਮੌਕੇ ਪੁਲਸ ਨੇ ਦੋਸ਼ ਲਾਏ ਸਨ ਕਿ ਕਈ ਅਕਾਲੀ ਆਗੂਆਂ ਨੇ ਪੁਲਸ ਨਾਲ ਧੱਕਾ-ਮੁੱਕੀ ਕਰਨ ਤੋਂ ਇਲਾਵਾ ਜ਼ਬਰਦਸਤੀ ਗੁਰਦਆਰਾ ਸਾਹਿਬ ਜਾਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਭੈਣੀ ਮੀਆਂ ਖਾਂ ਥਾਣੇ ਅਤੇ ਤਿੱਬੜ ਥਾਣੇ 'ਚ 2 ਵੱਖਰੇ-ਵੱਖਰੇ ਪਰਚੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿਚੋਂ ਤਿੱਬੜ ਥਾਣੇ ਵਿਚ ਕਰੀਬ 250 ਵਿਅਕਤੀਆਂ ਖਿਲਾਫ਼ ਦਰਜ ਮਾਮਲੇ 'ਚ ਜਗਰੂਪ ਸਿੰਘ ਸੇਖਵਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ 'ਚੋਂ ਬਾਕੀ ਨਾਮਜ਼ਦ ਵਿਅਕਤੀਆਂ ਨੂੰ ਤਾਂ ਪੱਕੀ ਜ਼ਮਾਨਤ ਮਿਲ ਗਈ ਸੀ ਪਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੂੰ ਸਿਰਫ਼ ਅੰਤਰਿਮ ਜ਼ਮਾਨਤ ਮਿਲੀ ਹੋਈ ਸੀ, ਜਿਸ ਨੂੰ ਅੱਜ ਹਾਈਕੋਰਟ ਨੇ ਪੱਕੀ ਜ਼ਮਾਨਤ ਦੇ ਦਿੱਤੀ ਹੈ।
