ਹੋਲੇ ਮਹੱਲੇ ਦੇ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਹੱਥ ਘੁੱਟਿਆ
Tuesday, Feb 13, 2018 - 11:31 PM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਜੋ ਕਿ ਇਸ ਵਾਰ 25 ਫਰਵਰੀ ਤੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ੁਰੂ ਹੋ ਰਿਹਾ ਹੈ ਅਤੇ 2 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ। ਮੇਲਾ ਸ਼ੁਰੂ ਹੋਣ ਨੂੰ ਬੇਸ਼ਕ ਕੁਝ ਦਿਨ ਬਾਕੀ ਰਹਿ ਗਏ ਹਨ, ਪਰ ਤਿਆਰੀਆਂ ਨਾ-ਮਾਤਰ ਹੀ ਹਨ। ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਇਸ ਵਾਰ ਪ੍ਰਸ਼ਾਸਨ ਹੱਥ ਘੁੱਟਦਾ ਨਜ਼ਰ ਆ ਰਿਹਾ ਹੈ। ਮੇਲੇ ਵਿਚ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਦੁੱਗਣੀ ਸੰਗਤ ਆਉਣ ਦੀ ਸੰਭਾਵਨਾ ਹੈ।
ਟ੍ਰੈਫ਼ਿਕ ਸਮੱਸਿਆ ਕਾਰਨ ਲੱਗਣਗੇ ਜਾਮ
ਹੋਲੇ ਮਹੱਲੇ ਦਾ ਪਹਿਲਾ ਪੜਾਅ 25 ਫਰਵਰੀ ਤੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ੁਰੂ ਹੋਣ ਵਾਲਾ ਹੈ। ਇਥੋਂ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਮਾਰਗ 'ਤੇ ਹਰ ਸਾਲ ਹੋਲੇ ਮਹੱਲੇ ਮੌਕੇ ਜਾਮ ਵਾਲੀ ਸਥਿਤੀ ਵੇਖਣ ਨੂੰ ਮਿਲਦੀ ਹੈ। ਮੇਲੇ ਦੌਰਾਨ ਪੰਜਾਬ ਭਰ ਤੋਂ ਸੰਗਤਾਂ ਆਪਣੀਆਂ ਟਰੈਕਟਰ-ਟਰਾਲੀਆਂ, ਟਰੱਕਾਂ, ਟੈਂਪੂਆਂ ਤੇ ਮੋਟਰਸਾਈਕਲਾਂ, ਸਕੂਟਰਾਂ 'ਤੇ ਸਵਾਰ ਹੋ ਕੇ ਆਉਂਦੇ ਹਨ। ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਵਿਖੇ ਪਾਰਕਿੰਗ ਬਣਾਈ ਜਾਂਦੀ ਹੈ। ਬਿਲਾਸਪੁਰ ਰੋਡ 'ਤੇ ਥਾਂ ਦੀ ਘਾਟ ਕਾਰਨ ਵਾਹਨ ਸੜਕ ਦੇ ਆਲੇ-ਦੁਆਲੇ ਹੀ ਖੜ੍ਹੇ ਕੀਤੇ ਜਾਂਦੇ ਹਨ। ਜਿਸ ਕਾਰਨ ਇਸ ਪਾਸੇ ਭਾਰੀ ਜਾਮ ਲੱਗਦਾ ਹੈ। ਸੜਕ ਦਾ ਨਿਰਮਾਣ ਹੋਣ ਕਾਰਨ ਬਿਲਾਸਪੁਰ ਰੋਡ ਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਉਪਰ ਬਣ ਰਹੇ ਓਵਰਬ੍ਰਿਜ ਦਾ ਕੰਮ ਚੱਲਦਾ ਹੋਣ ਕਾਰਨ ਵੀ ਸੜਕ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਪ੍ਰਸ਼ਾਸਨ ਨੂੰ ਸ੍ਰੀ ਅਨੰਦਪੁਰ ਸਾਹਿਬ ਵੱਲ ਤੋਂ ਆਉਣ ਵਾਲੀ ਟ੍ਰੈਫ਼ਿਕ ਲਈ ਏ.ਸੀ.ਸੀ. ਡੰਪ ਨੂੰ ਪਾਰਕਿੰਗ ਲਈ ਵਰਤਣਾ ਚਾਹੀਦਾ ਹੈ। ਸੰਗਤਾਂ ਇੱਥੋਂ ਪੈਦਲ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ। ਜ਼ਿਲਾ ਪ੍ਰਸ਼ਾਸਨ ਵੱਲੋਂ ਮੇਲੇ ਦੌਰਾਨ ਮੇਲਾ ਜ਼ੋਨ ਵਿਚ ਮਨਜ਼ੂਰਸ਼ੁਦਾ ਸ਼ਰਾਬ ਦੇ ਠੇਕਿਆਂ 'ਤੇ ਸ਼ਰਾਬ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਹਰ ਸਾਲ ਜਾਰੀ ਕੀਤੇ ਜਾਂਦੇ ਹਨ। ਪਰ ਮੇਲੇ ਦੌਰਾਨ ਝੁੱਗੀਆਂ-ਝੌਂਪੜੀਆਂ ਵਿਚ ਸ਼ਰਾਬ ਵੇਚਣ ਦਾ ਗੋਰਖਧੰਦਾ ਪੂਰੇ ਜ਼ੋਰਾਂ ਨਾਲ ਚੱਲਦਾ ਹੈ। ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਹੁਕਮ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ ਮੇਲੇ ਵਿਚ ਭੰਗ ਦੀਆਂ ਟਿੱਕੀਆਂ, ਘੋਟਾ ਅਤੇ ਹੋਰ ਨਸ਼ੀਲੀਆਂ ਵਸਤਾਂ ਦੀ ਵਿਕਰੀ ਵੀ ਆਮ ਹੁੰਦੀ ਹੈ।
ਲਿੰਕ ਸੜਕਾਂ ਦੀ ਹਾਲਤ ਖਸਤਾ
ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ, ਗੁ. ਸ਼ੀਸ਼ ਮਹਿਲ ਸਾਹਿਬ, ਗੁ. ਬਿਬਾਣਗੜ੍ਹ ਸਾਹਿਬ ਨੂੰ ਜਾਂਦੀ ਭਾਖੜਾ ਨਹਿਰ ਦੀ ਲਿੰਕ ਸੜਕ ਅਤੇ ਡੇਰਾ ਬਾਬਾ ਸ੍ਰੀ ਚੰਦ ਜੀ ਦੀ ਲਿੰਕ ਸੜਕ, ਇਸ ਤੋਂ ਇਲਾਵਾ ਬਾਬਾ ਗੁਰਦਿੱਤਾ ਜੀ, ਦਰਗਾਹ ਬਾਬਾ ਬੁੱਢਣ ਸ਼ਾਹ ਜੀ ਦੀਆਂ ਲਿੰਕ ਸੜਕਾਂ ਨੂੰ ਜੁੜਦੇ ਰਾਸ਼ਟਰੀ ਮਾਰਗ ਬਿਲਾਸਪੁਰ ਦੀ ਹਾਲਤ ਕਾਫੀ ਖਸਤਾ ਹੈ। ਇਨ੍ਹਾਂ ਵਿਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਜਿਨ੍ਹਾਂ ਦੀ ਮੁਰੰਮਤ ਕਰਨ ਦੀ ਲੋੜ ਹੈ ਤਾਂ ਜੋ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਤੁਰਨ ਫਿਰਨ ਵਿਚ ਕੋਈ ਸਮੱਸਿਆ ਨਾ ਆਵੇ।
ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਦਾ
ਮੇਲੇ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਪਿਛਲੇ ਪਾਸੇ ਨਾਲੇ ਵਿਚੋਂ ਗੰਦਗੀ ਦੀ ਸਾਫ-ਸਫਾਈ ਲਈ ਜੇ.ਸੀ.ਬੀ. ਅਤੇ ਟਰੈਕਟਰ-ਟਰਾਲੀਆਂ ਲਾ ਦਿੱਤੀਆਂ ਗਈਆਂ ਹਨ। ਮੇਲੇ ਤੋਂ ਪਹਿਲਾਂ ਸਾਰੇ ਪਾਸੇ ਸਾਫ-ਸਫਾਈ ਕਰਵਾ ਦਿੱਤੀ ਜਾਵੇਗੀ। ਨਗਰ ਪੰਚਾਇਤ ਅਧੀਨ ਗਲੀਆਂ-ਸੜਕਾਂ ਦੀ ਮੁਰੰਮਤ ਵੀ ਕਰਵਾ ਦਿੱਤੀ ਜਾਵੇਗੀ। ਜਿਹੜੀਆਂ ਲਿੰਕ ਸੜਕਾਂ ਲੋਕ ਨਿਰਮਾਣ ਵਿਭਾਗ ਅਤੇ ਬੀ.ਬੀ.ਐੱਮ.ਬੀ. ਦੇ ਅਧੀਨ ਹਨ, ਦੀ ਮੁਰੰਮਤ ਕਰਵਾਉਣ ਦੀ ਜ਼ਿੰਮੇਵਾਰੀ ਉਕਤ ਵਿਭਾਗਾਂ ਦੀ ਹੈ।
ਸਿਹਤ ਵਿਭਾਗ ਨੂੰ ਦਿਖਾਉਣਗੇ ਅੰਗੂਠਾ ਆਰਜ਼ੀ ਦੁਕਾਨਾਂ ਵਾਲੇ
ਹਰ ਵਾਰ ਬਾਹਰਲੇ ਦੁਕਾਨਦਾਰਾਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਣ ਪੀਣ ਦੀਆਂ ਆਰਜ਼ੀ ਦੁਕਾਨਾਂ ਵੱਖ-ਵੱਖ ਥਾਵਾਂ 'ਤੇ ਲਾਈਆਂ ਜਾਂਦੀਆਂ ਹਨ, ਜਿਸ 'ਚ ਸ਼ਰੇਆਮ ਸਿਹਤ ਨੂੰ ਵਿਗਾੜਨ ਵਾਲੀਆਂ ਮਿਲਾਵਟ ਵਾਲੀਆਂ ਵਸਤਾਂ ਵੇਚੀਆਂ ਜਾਂਦੀਆਂ ਹਨ। ਜਦ ਕਿ ਦੂਜੇ ਪਾਸੇ ਜ਼ਿਲਾ ਰੂਪਨਗਰ ਦੀ ਸਿਹਤ ਵਿਭਾਗ ਦੀ ਟੀਮ ਨੇ ਮਿਆਦ ਪੁਗਾ ਚੁੱਕੇ ਸਾਮਾਨ ਦੀ ਵਿਕਰੀ ਰੋਕਣ ਦੀ ਆੜ ਹੇਠ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ, ਜਿਸ ਦੀ ਦੁਕਾਨਦਾਰਾਂ ਵਿਚ ਦਹਿਸ਼ਤ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਮੇਲੇ ਦੌਰਾਨ ਮਿਲਾਵਟੀ , ਘਟੀਆ ਮਟੀਰੀਅਲ ਨਾਲ ਤਿਆਰ ਸਸਤੇ ਸਾਮਾਨ ਨੂੰ ਹਰ ਸਾਲ ਵੇਚਣ ਲਈ ਦੂਰ-ਦੂਰ ਤੋਂ ਦੁਕਾਨਦਾਰ ਪਹੁੰਚ ਜਾਂਦੇ ਹਨ। ਉਨ੍ਹਾਂ ਦੀ ਕੋਈ ਨਿਗਰਾਨੀ ਨਹੀਂ ਕਰਦਾ।
ਮੰਗਤਿਆਂ ਦੀ ਆਮਦ 'ਚ ਵਾਧਾ
ਪ੍ਰਸ਼ਾਸਨ ਵੱਲੋਂ ਹਰ ਸਾਲ ਮੇਲੇ ਵਿਚ ਮੰਗਤਿਆਂ ਦੇ ਦਾਖ਼ਲੇ 'ਤੇ ਪਾਬੰਦੀ ਲਾਈ ਜਾਂਦੀ ਹੈ। ਪਰ ਇਸ ਦੇ ਬਾਵਜੂਦ ਗੁ. ਬਾਬਾ ਗੁਰਦਿੱਤਾ ਜੀ, ਦਰਗਾਹ ਬਾਬਾ ਬੁੱਢਣ ਸ਼ਾਹ, ਗੁ. ਪਤਾਲਪੁਰੀ ਸਾਹਿਬ ਵਿਖੇ ਮੰਗਤਿਆਂ ਦੀ ਭਰਮਾਰ ਰਹਿੰਦੀ ਹੈ। ਖਾਸ ਕਰ ਕੇ ਔਰਤਾਂ ਦੀ ਜੋ ਕਿ ਮੇਲੇ ਲਈ ਆਪਣੇ ਰਿਸ਼ਤੇਦਾਰਾਂ ਕੋਲ ਸ੍ਰੀ ਕੀਰਤਪੁਰ ਸਾਹਿਬ ਪਹਿਲਾਂ ਹੀ ਪਹੁੰਚ ਜਾਂਦੀਆਂ ਹਨ। ਇਸ ਤੋਂ ਇਲਾਵਾ ਭਾਰੀ ਤਦਾਦ ਵਿਚ ਮੰਗਤੇ ਰੇਲ ਗੱਡੀਆਂ ਵਿਚ ਸ੍ਰੀ ਕੀਰਤਪੁਰ ਸਾਹਿਬ ਪੁੱਜਣੇ ਸ਼ੁਰੂ ਹੋ ਗਏ ਹਨ।
ਸਪੈਸ਼ਲ ਟੀਮਾਂ ਗਠਿਤ ਕਰਨ ਦੀ ਲੋੜ
ਮੇਲੇ ਦੌਰਾਨ ਭਿਖਾਰੀਆਂ ਨੂੰ ਰੋਕਣ, ਸ਼ਰਾਬ ਅਤੇ ਨਸ਼ਾ ਵਿਕਣ ਤੋਂ ਰੋਕਣ ਲਈ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਜਾਵੇ। ਜਿਸ ਵਿਚ ਪੁਲਸ ਮੁਲਾਜ਼ਮ ਵੀ ਸ਼ਾਮਲ ਹੋਣ ਅਤੇ ਇਨ੍ਹਾਂ ਟੀਮਾਂ ਦੀ ਡਿਊਟੀ ਪ੍ਰਸ਼ਾਸਨ ਵੱਲੋਂ ਜਿਸ ਚੀਜ਼ ਉਪਰ ਪਾਬੰਦੀ ਲਾਈ ਹੋਵੇ ਨੂੰ ਰੋਕਣ ਦੀ ਹੋਵੇ।
ਕੀ ਕਹਿਣਾ ਹੈ ਐੱਸ.ਡੀ.ਐੱਮ. ਦਾ
ਇਸ ਬਾਰੇ ਜਦੋਂ ਐੱਸ.ਡੀ.ਐੱਮ. ਸ੍ਰੀ ਅਨੰਦਪੁਰ ਸਾਹਿਬ ਰਾਕੇਸ਼ ਕੁਮਾਰ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਾਫ-ਸਫਾਈ, ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਜਲਦ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਜੋ ਕੰਮ ਹੋਣ ਵਾਲੇ ਹਨ ਉਨ੍ਹਾਂ ਨੂੰ ਵੀ ਕੀਤਾ ਜਾਵੇਗਾ। ਬਾਕੀ ਮਸਲੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਧਿਆਨ ਵਿਚ ਲਿਆ ਦਿੱਤੇ ਜਾਣਗੇ।
ਸਫਾਈ ਵਿਵਸਥਾ ਦਾ ਮਾੜਾ ਹਾਲ
ਬੇਸ਼ੱਕ ਮੇਲਾ ਸ਼ੁਰੂ ਹੋਣ ਨੂੰ ਕੁਝ ਦਿਨ ਬਾਕੀ ਰਹਿ ਗਏ ਹਨ ਪਰ ਇਸ ਸਮੇਂ ਸ਼ਹਿਰ ਵਿਚ ਸਫਾਈ ਵਿਵਸਥਾ ਦਾ ਮਾੜਾ ਹਾਲ ਹੈ। ਸਰਕਾਰੀ ਹਸਪਤਾਲ, ਸਕੂਲ, ਗੁ. ਬਿਬਾਣਗੜ੍ਹ ਸਾਹਿਬ, ਗੁ. ਚਰਨ ਕੰਵਲ ਸਾਹਿਬ ਕੋਲ ਅਤੇ ਗੰਦੇ ਨਾਲਿਆਂ ਦੀ ਸਫਾਈ ਵਿਵਸਥਾ ਦਾ ਮਾੜਾ ਹਾਲ ਹੈ। ਮੇਲੇ ਦੌਰਾਨ ਵੀ ਇਥੇ ਗੰਦਗੀ ਦੀ ਭਰਮਾਰ ਰਹਿੰਦੀ ਹੈ। ਪਿਛਲੇ ਦਿਨੀਂ ਨਗਰ ਪੰਚਾਇਤ ਵੱਲੋਂ ਬਾਬਾ ਗੁਰਦਿੱਤਾ ਜੀ ਲਿੰਕ ਸੜਕ ਦੇ ਨਾਲ ਪਾਣੀ ਦੀ ਨਿਕਾਸੀ ਲਈ ਬਣਾਈਆਂ ਨਾਲੀਆਂ ਦੀ ਸਫਾਈ ਕਰਵਾਈ ਗਈ ਸੀ।
ਵਿਹੜੇ ਆਈ ਜੰਞ ਵਿੰਨ੍ਹੋ ਕੁੜੀ ਦੇ ਕੰਨ
ਇਹ ਸਿਆਣਿਆਂ ਵੱਲੋਂ ਬਣਾਈ ਕਹਾਵਤ ਪੀ.ਡਬਲਿਊ.ਡੀ. ਦੇ ਇਲੈਕਟ੍ਰਾਨਿਕ ਵਿੰਗ 'ਤੇ ਸਹੀ ਢੁੱਕਦੀ ਹੈ ਕਿਉਂਕਿ ਸਾਰਾ ਸਾਲ ਇਨ੍ਹਾਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਸਰਕਾਰ ਵੱਲੋਂ ਲਾਈਆਂ ਲਾਈਟਾਂ 'ਤੇ ਨਜ਼ਰ ਨਹੀਂ ਪੈਂਦੀ ਪਰ ਹੁਣ ਜਦਕਿ ਕੁਝ ਦਿਨ ਬਾਅਦ ਹੋਲਾ ਮਹੱਲਾ ਮੇਲਾ ਸ਼ੁਰੂ ਹੋਣ ਵਾਲਾ ਹੈ ਤਾਂ ਇਸ ਵਿਭਾਗ ਦੇ ਮੁਲਾਜ਼ਮ ਖਰਾਬ ਲਾਈਟਾਂ ਨੂੰ ਚਾਲੂ ਕਰਨ ਲਈ ਮੁਰੰਮਤ ਕਰ ਰਹੇ ਹਨ। ਇਸ ਤੋਂ ਇਲਾਵਾ ਮੇਲੇ ਵਿਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਕੁਝ ਆਰਜ਼ੀ ਪਖਾਨੇ ਬਣਾਏ ਗਏ ਹਨ।