ਵਧੀਕ ਜ਼ਿਲਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਦੇ ਹੁਕਮ ਲਾਗੂ

10/19/2017 12:53:24 PM

ਗੁਰਦਾਸਪੁਰ (ਵਿਨੋਦ)-ਗੁਰਮੀਤ ਸਿੰਘ ਮੁਲਤਾਨੀ ਵਧੀਕ ਜ਼ਿਲਾ ਮੈਜਿਸਟਰੇਟ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਗੁਰਦਾਸਪੁਰ ਜ਼ਿਲੇ ਵਿਚ ਪੈਂਦੇ ਸਾਰੇ ਮੈਰਿਜ ਪੈਲੇਸਾਂ ਵਿਚ ਕੋਈ ਵੀ ਵਿਅਕਤੀ ਵਿਆਹ/ਸ਼ਾਦੀ ਦੇ ਮੌਕੇ 'ਤੇ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਦਾਖਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੈਰਿਜ ਪੈਲੇਸਾਂ ਦੇ ਮਾਲਕ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰਨਗੇ ਕਿ ਕੋਈ ਵੀ ਵਿਅਕਤੀ ਮੈਰਿਜ ਪੈਲੇਸ ਵਿਚ ਫੰਕਸ਼ਨ ਸਮੇਂ ਹਥਿਆਰ ਲੈ ਕੇ ਨਾ ਜਾਵੇ। ਇਹ ਹੁਕਮ 16-12-2017 ਤੱਕ ਲਾਗੂ ਰਹੇਗਾ।
ਇਸੇ ਤਰ੍ਹਾਂ ਇਕ ਹੋਰ ਹੁਕਮ ਵਿਚ ਉਨ੍ਹਾਂ ਕਿਹਾ ਕਿ ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਤੇ ਬਟਾਲਾ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਮੂੰਹ ਢੱਕ ਕੇ ਦੋਪਹੀਆ ਵਾਹਨ ਚਾਲਕਾਂ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ। ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਤੇ ਬਟਾਲਾ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਣ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 16-12-2017 ਤਕ ਜਾਰੀ ਰਹੇਗਾ।
ਇਸੇ ਤਰ੍ਹਾਂ ਇਕ ਹੋਰ ਹੁਕਮ ਵਿਚ ਉਨ੍ਹਾਂ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਤਹਿਤ ਜ਼ਿਲਾ ਗੁਰਦਾਸਪੁਰ ਦੀ ਹਦੂਦ ਅੰਦਰ ਜਾਂ ਇਸ ਦੇ ਪਿੰਡ ਜਾਂ ਕਸਬਿਆਂ ਵਿਚ ਬਾਹਰ ਤੋਂ ਆ ਕੇ ਆਰਜ਼ੀ ਤੌਰ 'ਤੇ ਰਹਿ ਰਹੇ ਜਾਂ ਕਾਰੋਬਾਰ ਕਰਦੇ ਪਰਿਵਾਰਾਂ ਦੇ ਮੁਖੀ ਜਾਂ ਹੋਰ ਪੁਰਸ਼ ਅਤੇ ਔਰਤਾਂ ਆਪਣੇ ਰਿਹਾਇਸ਼ੀ ਜਾਂ ਨਜ਼ਦੀਕੀ ਥਾਣੇ ਵਿਚ ਇਸ ਸਬੰਧੀ ਲੋੜੀਂਦੀ ਸੂਚਨਾ ਤੁਰੰਤ ਦੇਣਗੇ ਅਤੇ ਅਗਰ ਕੋਈ ਬਾਹਰਲੇ ਜ਼ਿਲੇ ਦਾ ਵਾਸੀ ਮਿਲਣ ਆਵੇ ਜਾਂ ਉਨ੍ਹਾਂ ਕੋਲ ਠਹਿਰੇ ਤਾਂ ਇਸ ਬਾਰੇ ਵੀ ਲੋੜੀਂਦੀ ਸੂਚਨਾ ਤੁਰੰਤ ਨਜ਼ਦੀਕੀ ਥਾਣੇ ਵਿਚ ਦੇਣਗੇ। ਉਨ੍ਹਾਂ ਲਈ ਸੂਚਨਾ ਦੇਣਾ ਇਸ ਹੁਕਮ ਦੇ ਲਾਗੂ ਹੋਣ 'ਤੇ ਇਕ ਹਫਤੇ ਦੇ ਅੰਦਰ-ਅੰਦਰ ਲਾਜ਼ਮੀ ਹੋਵੇਗਾ। ਇਹ ਹੁਕਮ ਸੁਮੱਚੇ ਜ਼ਿਲੇ ਅੰਦਰ 16-12-2017 ਤੱਕ ਲਾਗੂ ਰਹੇਗਾ।


Related News