1 ਮਈ ਤੋਂ ਉੱਡੇਗੀ ਆਦਮਪੁਰ ਤੋਂ ਫਲਾਈਟ, 14 ਅਪ੍ਰੈਲ ਤੋਂ ਹੋਵੇਗੀ ਬੁਕਿੰਗ
Sunday, Apr 08, 2018 - 07:10 AM (IST)
ਜਲੰਧਰ (ਰਵਿੰਦਰ) - ਦੋਆਬਾ ਰੀਜਨ ਦੇ ਲੋਕਾਂ ਲਈ ਇਕ ਚੰਗੀ ਖਬਰ ਹੈ ਕਿ 1 ਮਈ ਤੋਂ ਹੁਣ ਆਦਮਪੁਰ ਏਅਰਪੋਰਟ ਤੋਂ ਪਹਿਲੀ ਉਡਾਣ ਉੱਡੇਗੀ। 14 ਅਪ੍ਰੈਲ ਤੋਂ ਸਪਾਈਸ ਜੈੱਟ ਵੱਲੋਂ ਇਸ ਦੀ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ। ਆਦਮਪੁਰ ਤੋਂ ਫਲਾਈਟ ਸ਼ੁਰੂ ਹੋਣ ਨਾਲ ਦੋਆਬਾ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪਹਿਲਾਂ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਲੋਕਾਂ ਨੂੰ ਅੰਮ੍ਰਿਤਸਰ, ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਸੀ। ਡੀ. ਸੀ. ਵਰਿੰਦਰ ਸ਼ਰਮਾ ਤੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਨੀਵਾਰ ਨੂੰ ਆਦਮਪੁਰ ਏਅਰਪੋਰਟ 'ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀ. ਸੀ. ਤੇ ਐੱਸ. ਐੱਸ. ਪੀ. ਨੇ ਕਿਹਾ ਕਿ ਸਾਰੇ ਪ੍ਰਬੰਧ ਲੱਗਭਗ ਮੁਕੰਮਲ ਹੋ ਚੁੱਕੇ ਹਨ ਅਤੇ 1 ਮਈ ਨੂੰ ਹਰ ਹਾਲਤ ਵਿਚ ਪਹਿਲੀ ਉਡਾਣ ਭਰੀ ਜਾਏਗੀ। ਉਨ੍ਹਾਂ ਕਿਹਾ ਕਿ ਸਿਵਲ ਵਰਕ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਹੁਣ ਵੀ. ਆਈ. ਪੀ. ਲੌਂਜ ਤੇ ਵਿਜ਼ਿਟਰ ਲੌਂਜ ਵੀ ਪਾਵਰ ਐਕਸਰੇ ਮਸ਼ੀਨ ਨਾਲ ਪੂਰੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਪਾਈਸ ਜੈੱਟ ਕੰਪਨੀ ਨੇ ਆਪਣੇ ਸਾਰੇ ਕੰਮ ਸੰਭਾਲਣੇ ਸ਼ੁਰੂ ਕਰ ਦਿੱਤੇ ਹਨ ਅਤੇ 14 ਅਪ੍ਰੈਲ ਨੂੰ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਨ ਤੋਂ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਏਅਰਪੋਰਟ ਲਈ ਜ਼ਮੀਨ ਦੇਣ, ਬਿਜਲੀ ਤੇ ਪਾਣੀ ਸਪਲਾਈ ਸਮੇਤ ਕੁਨੈਕਟਿੰਗ ਰੋਡ ਤੇ ਹੋਰ ਸਾਰੇ ਪ੍ਰਬੰਧਾਂ ਦੇ ਲਈ ਪੰਜਾਬ ਸਰਕਾਰ ਪਹਿਲਾਂ ਹੀ ਹਰੀ ਝੰਡੀ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਦੋਆਬਾ ਖਾਸ ਤੌਰ 'ਤੇ ਐੱਨ. ਆਰ. ਆਈ. ਬੈਲਟ ਹੈ ਤੇ ਇਥੋਂ ਦੇ ਲੋਕਾਂ ਦੀ ਇਸ ਨਾਲ ਊਰਜਾ, ਪੈਸਾ ਅਤੇ ਸਮੇਂ ਦੀ ਬੇਹੱਦ ਬੱਚਤ ਹੋਵੇਗੀ ਅਤੇ ਦੋਆਬਾ ਰੀਜਨ ਵਿਚ ਏਅਰਪੋਰਟ ਸ਼ੁਰੂ ਹੋਣ ਨਾਲ ਪੰਜਾਬ ਸਰਕਾਰ ਨੂੰ ਆਰਥਿਕ ਮਜ਼ਬੂਤੀ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਜਲੰਧਰ ਰੀਜਨ ਵਿਚ ਵੀ ਵਿਕਾਸ ਦੇ ਨਵੇਂ ਆਯਾਮ ਸਥਾਪਿਤ ਹੋਣਗੇ।
ਇਸ ਮੌਕੇ ਏ. ਡੀ. ਸੀ. ਜਸਬੀਰ ਸਿੰਘ, ਡਾਇਰੈਕਟਰ ਆਦਮਪੁਰ ਏਅਰਪੋਰਟ ਕੇਵਲ ਕ੍ਰਿਸ਼ਨ ਤੇ ਹੋਰ ਵੀ ਮੌਜੂਦ ਸਨ।
