ਆਦਮਪੁਰ 'ਚ ASI ਦਾ ਸ਼ਰਮਨਾਕ ਕਾਰਾ, ਮਾਮੂਲੀ ਗੱਲ ਪਿੱਛੇ ਮੁੰਡੇ ਦੀ ਡਾਂਗਾਂ ਨਾਲ ਕੀਤੀ ਕੁੱਟਮਾਰ, ਹੋਇਆ ਸਸਪੈਂਡ
Friday, Aug 13, 2021 - 12:46 PM (IST)
 
            
            ਆਦਮਪੁਰ/ਜਲੰਧਰ (ਦਿਲਬਾਗੀ, ਜਤਿੰਦਰ, ਚਾਂਦ)- ਆਦਮਪੁਰ ਥਾਣੇ ਦੇ ਇਕ ਏ. ਐੱਸ. ਆਈ. ਵੱਲੋਂ ਗਰਾਊਂਡ ਵਿਚ ਖੇਡਣ ਗਏ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ। ਇਸ ਮਾਮਲੇ ਵਿਚ ਖਿਡਾਰੀਆਂ ਵੱਲੋਂ ਥਾਣੇ ਅੱਗੇ ਇਕ ਘੰਟੇ ਤੋਂ ਵੱਧ ਤੱਕ ਰੋਡ ਜਾਮ ਕਰ ਰੋਸ-ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਜਲੰਧਰ-ਹੁਸ਼ਿਆਰਪੁਰ ਹਾਈਵੇਅ ’ਤੇ ਜ਼ਬਰਦਸਤ ਜਾਮ ਲੱਗਣ ਨਾਲ ਆਵਾਜਾਈ ਠੱਪ ਹੋ ਗਈ ਅਤੇ ਪੰਜਾਬ ਪੁਲਸ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਆਦਮਪੁਰ ਸੁਰਿੰਦਰ ਪਾਲ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਕੇ ਏ. ਐੱਸ. ਆਈ. ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਪੀੜਤ ਹਰਦੀਪ ਕੁਮਾਰ ਮਹਿਮੀ ਪੁੱਤਰ ਸਵਰਗੀ ਹੇਮ ਰਾਜ ਵਾਸੀ ਮੁਹੱਲਾ ਗਗੜੀਆ ਆਦਮਪੁਰ ਨੇ ਹਸਪਤਾਲ ਵਿਖੇ ਦਿੱਤੇ।
ਇਹ ਵੀ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ, ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁੱਤ ਰਹਿੰਦਾ ਹੈ ਵਿਦੇਸ਼

ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਹਰਦੀਪ ਨੇ ਦੱਸਿਆ ਕਿ ਉਹ ਸ਼ਾਮ 6 ਵਜੇ ਦੇ ਕਰੀਬ ਸਪੋਰਟਸ ਸਟੇਡੀਅਮ ਆਦਮਪੁਰ ਵਿਖੇ ਰੋਜ਼ਾਨਾ ਦੀ ਤਰ੍ਹਾਂ ਪ੍ਰੈਕਟਿਸ ਕਰਨ ਲਈ ਆਪਣੇ ਦੋਸਤਾਂ ਨਾਲ ਗਿਆ ਸੀ ਤਾਂ ਉਥੇ ਆਦਮਪੁਰ ਥਾਣੇ ਅਧੀਨ ਤਾਇਨਾਤ ਏ. ਐੱਸ. ਆਈ. ਰਵਿੰਦਰ ਸਿੰਘ ਮੇਰੇ ਨਾਲ ਬਿਨਾਂ ਕਿਸੇ ਗੱਲੋਂ ਗਾਲੀ-ਗਲੋਚ ਕਰਨ ਲੱਗਾ ਅਤੇ ਮੇਰੇ ’ਤੇ ਡਾਂਗਾਂ ਮਾਰਨ ਲੱਗ ਗਿਆ। ਜ਼ਖ਼ਮੀ ਹਾਲਤ ਵਿਚ ਮੇਰੇ ਸਾਥੀਆਂ ਨੇ ਮੈਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਸ ਦੇ ਰੋਸ ਵਜੋਂ ਆਦਮਪੁਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਉਸ ਦੇ ਸਮਰਥਕਾਂ ਵੱਲੋਂ ਥਾਣੇ ਦੇ ਸਾਹਮਣੇ ਭਾਰੀ ਰੋਸ-ਪ੍ਰਦਰਸ਼ਨ ਕੀਤਾ ਗਿਆ। ਇਕ ਘੰਟੇ ਤੋਂ ਜ਼ਿਆਦਾ ਸਮੇਂ ਤਕ ਟ੍ਰੈਫਿਕ ਜਾਮ ਕੀਤਾ ਗਿਆ। ਟ੍ਰੈਫਿਕ ਜਾਮ ਹੋਣ ਕਾਰਨ ਕਈ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ।
ਇਹ ਵੀ ਪੜ੍ਹੋ: ਹੈਵਾਨੀਅਤ: ਰਾਜਮਾਂਹ ਦੀ ਬੋਰੀ ਚੋਰੀ ਕਰਦੇ ਫੜੇ ਨੌਜਵਾਨਾਂ ਨੂੰ ਨੰਗੇ ਕਰਕੇ ਕੁੱਟਿਆ, ਪਿੱਠ ’ਤੇ ਲਿਖ ਦਿੱਤਾ ਚੋਰ
ਥਾਣੇ ਅੱਗੇ ਜਾਮ ਲੱਗਣ ਕਾਰਨ ਡੀ. ਐੱਸ. ਪੀ. ਕ੍ਰਾਈਮ ਜਲੰਧਰ ਸੁਰਿੰਦਰਪਾਲ ਸਿੰਘ ਅਤੇ ਥਾਣਾ ਮੁਖੀ ਹਰਜਿੰਦਰ ਸਿੰਘ, ਏ. ਐੱਸ. ਆਈ. ਹਰਪ੍ਰੀਤ ਸਿੰਘ, ਏ. ਐੱਸ. ਆਈ. ਭੁਪਿੰਦਰਪਾਲ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿੱਤਾ ਕਿ ਏ. ਐੱਸ. ਆਈ. ਰਵਿੰਦਰ ਸਿੰਘ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਡੀ. ਐੱਸ. ਪੀ. ਨੇ ਏ. ਐੱਸ. ਆਈ. ਰਵਿੰਦਰ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਤਾਂ ਜਾ ਕੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਕੇ ਬੰਦ ਪਿਆ ਹੁਸ਼ਿਆਰਪੁਰ ਜਲੰਧਰ ਹਾਈਵੇਅ ਮਾਰਗ ਨੂੰ ਖੋਲ੍ਹਿਆ ਅਤੇ ਬੰਦ ਪਈ ਆਵਾਜਾਈ ਨੂੰ ਚਾਲੂ ਕੀਤਾ।
ਇਹ ਵੀ ਪੜ੍ਹੋ: ਖੰਨਾ ’ਚ ਵੱਡੀ ਵਾਰਦਾਤ, ਨੈਸ਼ਨਲ ਹਾਈਵੇਅ ’ਤੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ
ਨੋਟ : ਏ.ਐੱਸ.ਆਈ. ਵੱਲੋਂ ਮੁੰਡੇ ਦੀ ਕੀਤੀ ਗਈ ਕੁੱਟਮਾਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            