ਪੰਜਾਬ ਪੁਲਸ ਦਾ ਨਸ਼ਿਆਂ ਖ਼ਿਲਾਫ਼ ਸਖ਼ਤ ਐਕਸ਼ਨ, ਆਪ੍ਰੇਸ਼ਨ CASO ਤਹਿਤ 41 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Monday, Jul 24, 2023 - 08:52 PM (IST)
ਚੰਡੀਗੜ੍ਹ: ਪੰਜਾਬ ਪੁਲਸ ਨੇ ਸੋਮਵਾਰ ਨੂੰ ਬਠਿੰਡਾ ਰੇਂਜ ਵਿਚ ਇਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (CASO) ਚਲਾਇਆ। ਨਸ਼ਾ ਤਸਕਰੀ, ਸਮਾਜ ਵਿਰੋਧੀ ਤੱਤਾਂ ਅਤੇ ਅਪਰਾਧੀਆਂ ਨੂੰ ਠੱਲ੍ਹ ਪਾਉਣ ’ਤੇ ਕੇਂਦਰਿਤ ਇਹ ਅਭਿਆਨ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਚਲਾਇਆ ਗਿਆ। ਉਕਤ ਅਭਿਆਨ ਬਠਿੰਡਾ ਰੇਂਜ ਦੇ ਦੋਵੇਂ ਪੁਲਸ ਜ਼ਿਲ੍ਹਿਆਂ ਬਠਿੰਡਾ ਅਤੇ ਮਾਨਸਾ ਵਿਚ ਇਕੋ ਸਮੇਂ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤਕ ਚਲਾਇਆ ਗਿਆ ਅਤੇ ਐੱਸ.ਐੱਸ.ਪੀਜ਼. ਨੂੰ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਵਿਚ, ਇਸ ਆਪ੍ਰੇਸ਼ਨ ਨੂੰ ਸੁਚੱਜੀ ਯੋਜਨਾਬੰਦੀ ਨਾਲ ਅੰਜਾਮ ਦੇਣ ਲਈ ਕਿਹਾ ਗਿਆ ਸੀ। ਇਹ ਕਾਰਵਾਈ ਏ.ਡੀ.ਜੀ.ਪੀ. ਬਠਿੰਡਾ ਰੇਂਜ ਐੱਸ.ਪੀ.ਐੱਸ. ਪਰਮਾਰ ਦੀ ਸਮੁੱਚੀ ਨਿਗਰਾਨੀ ਹੇਠ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਵਿਰਾਸਤ-ਏ-ਖ਼ਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪੈਸ਼ਲ ਡੀਜੀਪੀ (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲਸ ਟੀਮਾਂ ਨੇ ਆਪਰੇਸ਼ਨ ਦੌਰਾਨ 33 ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ 41 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਟੀਮਾਂ ਨੇ ਇਨ੍ਹਾਂ ਕੋਲੋਂ 3.5 ਲੱਖ ਰੁਪਏ ਦੀ ਡਰੱਗ ਮਨੀ, 197.13 ਗ੍ਰਾਮ ਹੈਰੋਇਨ, 14 ਕਿਲੋ ਭੁੱਕੀ, 225 ਲੀਟਰ ਨਾਜਾਇਜ਼ ਸ਼ਰਾਬ ਅਤੇ 8 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - 'ਆਪ' ਵਿਧਾਇਕ ਦਾ ਟ੍ਰੈਫਿਕ ਮੁਲਾਜ਼ਮ ਨਾਲ ਪੈ ਗਿਆ ਪੰਗਾ, ਹੱਥੋਪਾਈ ਤੱਕ ਪਹੁੰਚੀ ਗੱਲ (ਵੀਡੀਓ)
ਸਪੈਸ਼ਲ ਡੀ.ਜੀ.ਪੀ. ਨੇ ਕਿਹਾ, “ਇਸ ਆਪ੍ਰੇਸ਼ਨ ਦਾ ਉਦੇਸ਼ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਫੀਲਡ ਵਿਚ ਪੁਲਸ ਫੋਰਸ ਦੀ ਮੌਜੂਦਗੀ ਨੂੰ ਵਧਾਕੇ ਗੈਰ-ਸਮਾਜਿਕ ਤੱਤਾਂ ਵਿਚ ਪੁਲਸ ਦਾ ਖ਼ੌਫ ਪੈਦਾ ਕਰਨਾ ਸੀ।’’ ਉਨ੍ਹਾਂ ਕਿਹਾ ਕਿ ਸੂਬੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅਜਿਹੇ ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ। ਜ਼ਿਕਰਯੋਗ ਹੈ ਕਿ ਬਠਿੰਡਾ ਪੁਲਸ ਨੇ 15 ਐੱਫ.ਆਈ.ਆਰ. ਦਰਜ ਕਰਕੇ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਮਾਨਸਾ ਪੁਲਸ ਨੇ 18 ਐੱਫ.ਆਈ.ਆਰ. ਦਰਜ ਕਰਕੇ 21 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8