ਪੰਜਾਬ 'ਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਜਾਰੀ, 18 ਹੋਰ ਖ਼ਿਲਾਫ਼ ਮਾਮਲਾ ਦਰਜ

Sunday, Oct 13, 2024 - 04:36 PM (IST)

ਪੰਜਾਬ 'ਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਜਾਰੀ, 18 ਹੋਰ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ : ਵਿਦੇਸ਼ਾਂ 'ਚ ਵੱਸਣ ਦੇ ਚਾਹਵਾਨ ਨੌਜਵਾਨਾਂ ਦੀ ਸੁਰੱਖਿਆ ਲਈ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਨੂੰ ਜਾਰੀ ਰੱਖਦਿਆਂ ਪੰਜਾਬ ਪੁਲਸ ਦੇ ਐੱਨ. ਆਰ. ਆਈ. ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਨਾਲ ਤਾਲਮੇਲ ਕਰਕੇ ਸੂਬੇ 'ਚ 18 ਹੋਰ ਟ੍ਰੈਵਲ ਏਜੰਸੀਆਂ ਖ਼ਿਲਾਫ਼ ਗੈਰ-ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ ‘ਤੇ ਰੁਜ਼ਗਾਰ ਸਬੰਧੀ ਇਸ਼ਤਿਹਾਰ ਦੇਣ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਅਗਸਤ, 2024 ਦੇ ਮਹੀਨੇ ਵਿੱਚ ਅਜਿਹੀਆਂ 25 ਗੈਰ-ਕਾਨੂੰਨੀ ਟ੍ਰੈਵਲ ਏਜੰਸੀਆਂ ਦੇ ਖ਼ਿਲਾਫ਼ ਘੱਟੋ-ਘੱਟ 20 ਐੱਫ. ਆਈ. ਆਰਜ਼. ਦਰਜ ਕਰਨ ਉਪਰੰਤ ਅਮਲ 'ਚ ਲਿਆਂਦੀ ਗਈ।

ਇਹ ਵੀ ਪੜ੍ਹੋ : PGI ਦੇ ਨਵੇਂ ਮਰੀਜ਼ਾਂ ਲਈ ਚਿੰਤਾ ਭਰੀ ਖ਼ਬਰ, ਨਹੀਂ ਹੋਵੇਗਾ ਇਲਾਜ

ਹੁਣ ਤੱਕ ਦਰਜ ਕੀਤੇ ਮਾਮਲਿਆਂ 'ਚ ਗੈਰ-ਕਾਨੂੰਨੀ ਟ੍ਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਨੇ ਅਜਿਹੀਆਂ ਟ੍ਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸਬੰਧੀ ਗੰਭੀਰ ਨੋਟਿਸ ਲਿਆ ਹੈ। ਏ. ਡੀ. ਜੀ. ਪੀ. ਐੱਨ. ਆਰ. ਆਈ. ਮਾਮਲੇ ਪ੍ਰਵੀਨ ਕੇ ਸਿਨਹਾ ਨੇ ਐਤਵਾਰ ਨੂੰ ਦੱਸਿਆ ਕਿ ਇਹ ਟ੍ਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਇਜਾਜ਼ਤਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵਿਦੇਸ਼ਾਂ 'ਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ 'ਤੇ ਤਸਦੀਕ ਕੀਤੀ ਗਈ ਅਤੇ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ। ਸੂਬੇ ਦੇ ਵੱਖ-ਵੱਖ ਐੱਨ. ਆਰ. ਆਈ. ਥਾਣਿਆਂ 'ਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ ਕੁੱਲ 18 ਨਵੀਆਂ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ ਅੰਮ੍ਰਿਤਸਰ, ਐੱਸ. ਏ. ਐੱਸ. ਨਗਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ।

ਇਹ ਵੀ ਪੜ੍ਹੋ : ਦੀਵਾਲੀ ਅਤੇ ਗੁਰਪੁਰਬ 'ਤੇ ਪਟਾਕਿਆਂ ਨੂੰ ਲੈ ਕੇ ਹਦਾਇਤਾਂ ਜਾਰੀ

ਜ਼ਿਕਰਯੋਗ ਹੈ ਕਿ ਦਰਜ ਕੀਤੀਆਂ 18 ਨਵੀਆਂ ਐੱਫ. ਆਈ. ਆਰਜ਼ ਵਿੱਚੋਂ ਸਤੰਬਰ ਮਹੀਨੇ 'ਚ 6 ਅਤੇ ਅਕਤੂਬਰ 'ਚ 12 ਐੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਸਨ। ਏ. ਡੀ. ਜੀ. ਪੀ. ਨੇ ਕਿਹਾ ਕਿ ਅਗਸਤ ਅਤੇ ਸਤੰਬਰ 2024 ਦੇ ਮਹੀਨਿਆਂ 'ਚ ਦਰਜ ਕੀਤੀਆਂ ਇਨ੍ਹਾਂ 26 ਐੱਫ. ਆਈ. ਆਰਜ਼ 'ਚ ਕੁੱਲ 34 ਮੁਲਜ਼ਮਾਂ ਵਿੱਚੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮ ਟ੍ਰੈਵਲ ਏਜੰਟਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਏ. ਡੀ. ਜੀ. ਪੀ. ਪ੍ਰਵੀਨ ਸਿਨਹਾ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਟ੍ਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਿਰਫ਼ ਉਨ੍ਹਾਂ ਏਜੰਸੀਆਂ ਨਾਲ ਸੰਪਰਕ ਕੀਤਾ ਜਾਵੇ, ਜਿਨ੍ਹਾਂ ਕੋਲ ਇਮੀਗ੍ਰੇਸ਼ਨ ਐਕਟ, 1983 ਤਹਿਤ ਇੱਕ ਵੈਧ ਭਰਤੀ ਏਜੰਟ (ਆਰ. ਏ.) ਲਾਇਸੈਂਸ ਹੋਵੇ ਅਤੇ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਟ੍ਰੈਵਲ ਏਜੰਟਾਂ ਨਾਲ ਸੰਪਰਕ ਕਰਦੇ ਸਮੇਂ ਉਨ੍ਹਾਂ ਦੀ ਜਾਂਚ ਕਰਨ ਉਪਰੰਤ ਹੀ ਉਨ੍ਹਾਂ ‘ਤੇ ਭਰੋਸਾ ਕੀਤਾ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


 


author

Babita

Content Editor

Related News