ਤੇਜ਼ਾਬ ਪੀੜਤਾ ਡੌਲੀ ਸਿੰਘ ਦੀ ਦਾਸਤਾਨ ਹਰ ਇਕ ਦੇ ਦਿਲ ਨੂੰ ਦੇਵੇਗੀ ਝੰਜੋੜ (ਵੀਡੀਓ)

01/10/2020 5:56:21 PM

ਅੰਮ੍ਰਿਤਸਰ, ਆਗਰਾ (ਹਰਪ੍ਰੀਤ ਸਿੰਘ ਕਾਹਲੋਂ) : ''ਸਾਡੇ ਮੁੰਡੇ ਨੇ ਤੇਰੇ 'ਤੇ ਤੇਜ਼ਾਬ ਸੁੱਟਿਆ ਹੈ ਪਰ ਤੂੰ ਸਾਡੇ ਮੁੰਡੇ ਨੂੰ ਸਜ਼ਾ ਤੋਂ ਬਚਾ ਲੈ। ਇਸ ਬਦਲੇ ਤੂੰ ਸਾਡੀ ਕੁੜੀ 'ਤੇ ਤੇਜ਼ਾਬ ਸੁੱਟ ਦੇ।'' ਤੇਜ਼ਾਬ ਪੀੜਤਾ ਡੌਲੀ ਸਿੰਘ ਮੁਤਾਬਕ ਪਰਦੀਪ ਦੇ ਚਾਚੇ ਦਾ ਇਹ ਇਨਸਾਫ ਸੀ। ਮੈਂ ਦੁਬਾਰਾ ਪੱਥਰ ਹੋ ਗਈ ਸਾਂ। ਆਖਰ ਇਨ੍ਹਾਂ ਦੇ ਮੁੰਡੇ ਵਲੋਂ ਕਰਤੂਤ ਦਾ ਇਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਅਤੇ ਬਦਲੇ ਦੇ ਰੂਪ 'ਚ ਇਹ ਆਪਣੀ ਕੁੜੀ 'ਤੇ ਤੇਜ਼ਾਬ ਸੁਟਵਾਉਣਾ ਚਾਹੁੰਦੇ ਹਨ। ਅਖੀਰ ਕੁੜੀਆਂ ਕਿਸੇ ਦੀਆਂ ਸਕੀਆਂ ਨਹੀਂ ਅਤੇ ਇਹ ਆਪਣੇ ਆਪ 'ਚ ਇਕ ਵੱਖਰੀ ਜਾਤ ਹੈ। ਡੌਲੀ ਦੱਸਦੀ ਹੈ ਕਿ ਮੈਂ ਉਨ੍ਹਾਂ ਨੂੰ ਗੁੱਸੇ 'ਚ ਫਟਕਾਰਿਆ ਕਿ ਇਨਸਾਫ ਤਾਂ ਇਹ ਹੈ ਕਿ ਮੈਂ ਤੁਹਾਡੇ ਮੁੰਡੇ ਨਾਲ ਉਹ ਕਰਾਂ, ਜੋ ਉਸ ਨੇ ਮੇਰੇ ਨਾਲ ਕੀਤਾ ਹੈ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਜਰਨਲ 1/2018 ਅਕਤੂਬਰ ਵਿਚ ਅਜੀਤਾ ਟੰਡਨ ਨੇ ਭਾਰਤ ਵਿਚ ਤੇਜ਼ਾਬੀ ਹਮਲਿਆਂ ਨੂੰ ਲੈ ਕੇ ਨਿਆਂਇਕ ਅਤੇ ਵਿਧਾਇਕ ਪਹੁੰਚ ਬਾਰੇ ਪੇਸ਼ ਕੀਤੀ ਸਮੀਖਿਆ 'ਚ ਤੇਜ਼ਾਬੀ ਹਮਲਿਆਂ ਦੇ ਸੁਭਾਅ ਬਾਰੇ ਰਾਏ ਪੇਸ਼ ਕਰਦਿਆਂ ਲਿਖਿਆ ਹੈ। ਅਜਿਹੇ ਹਮਲੇ ਕਰਨ ਵੇਲੇ ਅਪਰਾਧੀ ਦੀ ਭਾਵਨਾ ਪੀੜਤ ਨੂੰ ਮਾਰਨ ਦੀ ਨਹੀਂ ਹੁੰਦੀ। ਇਹ ਭਾਵਨਾ ਮੌਤ ਨਾਲੋਂ ਵੀ ਖਤਰਨਾਕ ਅਤੇ ਵਹਿਸ਼ਤ ਭਰੀ ਹੁੰਦੀ ਹੈ। ਇਸ ਵਿਚ ਅਪਰਾਧੀ ਪੀੜਤ ਨੂੰ ਦਰਦ ਦੇਣਾ ਚਾਹੁੰਦਾ ਹੈ। ਉਹ ਉਸ ਨੂੰ ਸ਼ਰਮ ਨਾਲ ਜੀਣ ਲਈ ਮਜਬੂਰ ਕਰਦਿਆਂ ਲੁਕੇ ਰਹਿਣ ਲਈ ਮਜਬੂਰ ਕਰਨਾ ਚਾਹੁੰਦਾ ਹੈ। ਅਜਿਹੇ ਅਪਰਾਧ ਨੂੰ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਦੀ ਪਹੁੰਚ ਵੀ ਅਖੀਰ ਕੁੜੀ ਨੂੰ ਹੀ ਦੋਸ਼ ਦੇਣ ਦੀ ਹੁੰਦੀ ਹੈ। ਮੋਰਿੰਡਾ ਨੇੜੇ ਮੰੜੌਲੀ ਪਿੰਡ ਤੋਂ ਇੰਦਰਜੀਤ ਕੌਰ ਰੂਬੀ 'ਤੇ ਹਮਲਾ ਕਰਨ ਵਾਲੇ ਮਨਜੀਤ ਸਿੰਘ ਦੇ ਪਰਿਵਾਰ ਨੇ ਹਮਲੇ ਤੋਂ ਬਾਅਦ ਕੁੜੀ ਨੂੰ ਵਿਆਹ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਉਨ੍ਹਾਂ ਦਾ ਮੁੰਡਾ ਸਜ਼ਾ ਤੋਂ ਬਚ ਸਕੇ।

ਆਗਰੇ ਤੋਂ ਡੌਲੀ ਸਿੰਘ 'ਤੇ ਹੋਏ ਤੇਜ਼ਾਬੀ ਹਮਲੇ ਦੀ ਕੋਈ ਐੱਫ. ਆਈ. ਆਰ. ਨਹੀਂ ਹੋਈ। ਡੌਲੀ ਉਸ ਸਮੇਂ 14 ਸਾਲ ਦੀ ਸੀ। ਹਮਲਾ ਕਰਨ ਵਾਲਾ ਪ੍ਰਦੀਪ ਗੁਆਂਢ ਦਾ ਹੀ ਮੁੰਡਾ ਸੀ। ਡੌਲੀ ਆਪਣੀ ਘਟਨਾ ਬਾਰੇ ਬਿਆਨ ਕਰਦੀ ਕਹਿੰਦੀ ਹੈ ਕਿ ਕਦੀ ਉਮੀਦ ਨਹੀਂ ਸੀ ਕਿ ਕੁਝ ਇਸ ਤਰ੍ਹਾਂ ਦਾ ਹੋਵੇਗਾ। ਡੌਲੀ ਨੇ ਲੰਮਾ ਸਮਾਂ ਘਰ 'ਚ ਆਪਣੇ ਆਪ ਨੂੰ ਲੁਕੋ ਕੇ ਹੀ ਗੁਜ਼ਾਰਿਆ ਹੈ। ਆਗਰੇ ਦੇ ਸ਼ੀਰੋਜ਼ ਹੈਂਗਆਊਟ ਕੈਫ਼ੇ ਵਿਚ ਆ ਕੇ ਡੌਲੀ ਨੂੰ ਖੁਸ਼ੀ ਮਿਲੀ ਹੈ। ਇਸ ਕੈਫੇ 'ਚ ਡੌਲੀ ਸਭ ਤੋਂ ਨਿੱਕੀ ਹੈ ਅਤੇ ਸ਼ਰਾਰਤਾਂ ਕਰਦੀ ਹੱਸਦੀ ਖੇਡਦੀ ਸਭ ਦਾ ਦਿਲ ਲਾ ਕੇ ਰੱਖਦੀ ਹੈ। ਪਰ ਜਦੋਂ ਡੌਲੀ ਇਹ ਸਭ ਕੁਝ ਸਾਨੂੰ ਦੱਸ ਰਹੀ ਸੀ ਤਾਂ ਅੰਦਰ ਦਰਦ ਦਾ ਵੱਡਾ ਰੁਗ ਭਰਿਆ ਗਿਆ ਸੀ। ਇਹ ਕੁੜੀਆਂ ਸਾਡੇ ਲਈ ਪ੍ਰੇਰਣਾ ਤਾਂ ਬਣਦੀਆਂ ਹਨ ਪਰ ਜ਼ਿੰਦਗੀ ਇਨ੍ਹਾਂ ਦੀ ਵੀ ਕੋਈ ਸੌਖੀ ਨਹੀਂ ਹੈ। ਡੌਲੀ ਮੁਤਾਬਕ ਹਮਲਾ ਤੁਹਾਡੀ ਪੂਰੀ ਜ਼ਿੰਦਗੀ ਦੀ ਤਰੱਕੀ ਰੋਕ ਦਿੰਦਾ ਹੈ। ਡੌਲੀ ਡਾਕਟਰ ਬਣਨਾ ਚਾਹੁੰਦੀ ਸੀ ਅਤੇ ਲੁੱਕ ਛੁਪ ਕੇ ਰਹਿਣ ਵਾਲੀ ਕੁੜੀ ਇਸ 16 ਜਨਵਰੀ ਨੂੰ ਆਪਣੀ ਭੈਣ ਦੇ ਵਿਆਹ ਹੁੰਮ ਹੁਮਾ ਕੇ ਜਾ ਰਹੀ ਹੈ।

ਮਧੂ ਕਸ਼ਿਅਪ ਪੰਜਾਬ ਘੁੰਮਣਾ ਚਾਹੁੰਦੀ ਹੈ
1997 ਦੇ ਦਿਨਾਂ ਦੀ ਗੱਲ ਹੈ ਜਦੋਂ ਮਧੂ ਕਸ਼ਿਅਪ ਦਾ ਵਿਆਹ ਹੋਣ ਵਾਲਾ ਸੀ। ਉਨ੍ਹਾਂ ਲਈ ਇਕਤਰਫਾ ਪਿਆਰ ਰੱਖਦੇ ਮੁੰਡੇ ਨੇ ਉਨ੍ਹਾਂ 'ਤੇ ਤੇਜ਼ਾਬ ਸੁੱਟ ਦਿੱਤਾ। ਮਧੂ ਕਸ਼ਿਅਪ ਦੱਸਦੀ ਹੈ ਕਿ ਯੂ.ਪੀ. 'ਚ ਬਹੁਤੀਆਂ ਕੁੜੀਆਂ 'ਤੇ ਹਮਲੇ 14-15-16 ਸਾਲ ਦੀ ਉਮਰ 'ਚ ਹੀ ਹੋਏ ਹੋਣਗੇ ਅਤੇ ਹਰ ਕਹਾਣੀ 'ਚ ਦਿਲਜਲੇ ਆਸ਼ਕ ਹੋਣਗੇ। ਮਧੂ ਸ਼ੀਰੋਜ਼ ਕੈਫ਼ੇ 'ਚ 2014 ਤੋਂ ਹੀ ਜੁੜੇ ਹਨ ਅਤੇ ਬਹੁਤ ਸੁਲਝੀ ਬੀਬੀ ਹੈ। ਮਧੂ ਕਸ਼ਿਅਪ ਪੰਜਾਬ ਘੁੰਮਣਾ ਚਾਹੁੰਦੀ ਹੈ। ਆਪਣੇ ਬੱਚਿਆਂ ਬਾਰੇ ਉਨ੍ਹਾਂ ਨੂੰ ਆਏ ਗਏ ਪ੍ਰਾਹੁਣਿਆਂ ਨੂੰ ਦੱਸਣਾ ਵਧੀਆ ਲੱਗਦਾ ਹੈ। ਮਧੂ ਨਾਲ ਚੰਗੀ ਗੱਲ ਇਹ ਹੋਈ ਕਿ ਉਨ੍ਹਾਂ ਦੀ ਮੰਗਣੀ ਜਿਸ ਮੁੰਡੇ ਨਾਲ ਹੋਈ ਸੀ, ਉਨ੍ਹਾਂ ਹਮਲੇ ਤੋਂ ਬਾਅਦ ਵੀ ਉਨ੍ਹਾਂ ਦਾ ਹੱਥ ਨਾ ਛੱਡਿਆ। ਮਧੂ ਆਪਣੇ ਪਤੀ ਅਨਿਲ ਬਾਰੇ ਦੱਸਦੀ ਹੋਈ ਕਹਿੰਦੀ ਹੈ ਕਿ ਜ਼ਿੰਦਗੀ 'ਚ ਸਭ ਕੁਝ ਹੋਣ ਦੇ ਬਾਵਜੂਦ ਸਾਡੇ ਵਰਗੇ ਮਿਡਲ ਕਲਾਸ ਪਰਿਵਾਰਾਂ ਲਈ ਚੰਗਾ ਪਰਿਵਾਰ ਅਤੇ 100 ਗਜ਼ ਪਲਾਟ 'ਚ ਖੁਸ਼ੀਆਂ ਹੀ ਮਾਇਨੇ ਰੱਖਦੀਆਂ ਹਨ।

ਮਧੂ ਜੀ ਹੱਸਦੇ ਕਹਿੰਦੇ ਹਨ, ''ਸਰ ਯਹੀ ਤੋਂ ਹੈ ਔਰ ਕਯਾ ਚਾਹੀਏ?''
ਉਨ੍ਹਾਂ ਦੇ ਤਿੰਨ ਬੱਚੇ ਹਨ। ਉਨ੍ਹਾਂ ਦੀ ਕੁੜੀ 17 ਸਾਲ ਅਤੇ 15 ਸਾਲ ਦੀ ਹੈ ਅਤੇ ਇਕ ਮੁੰਡਾ 11 ਸਾਲ ਦਾ ਹੈ। ਉਨ੍ਹਾਂ ਦੀ ਕੁੜੀ ਨੂੰ ਡਾਂਸਰ ਬਣਨਾ ਵਧੀਆ ਲੱਗਦਾ ਹੈ ਪਰ ਮਧੂ ਕਸ਼ਿਅਪ ਦਾ ਸੁਪਨਾ ਹੈ ਕਿ ਉਹ ਇੰਸਪੈਕਟਰ ਬਣੇ। ਯਾਦ ਰਹੇ ਕਿ ਮਧੂ ਕਸ਼ਿਅਪ ਦੇ ਤੇਜ਼ਾਬੀ ਹਮਲੇ ਦਾ ਵੀ ਕੋਈ ਕੇਸ ਨਹੀਂ ਚੱਲਿਆ ਅਤੇ ਨਾ ਹੀ ਐੱਫ. ਆਈ. ਆਰ. ਹੋਈ ਹੈ।

ਜੋ ਕੈਫ਼ੇ ਆਉਂਦੇ ਹਨ
ਕੈਫ਼ੇ 'ਚ ਇੰਗਲੈਂਡ ਤੋਂ ਦਾਰਜੀਲਿੰਗ ਦਾ ਰਹਿਣ ਵਾਲਾ ਆਰੀਅਨ ਚੈਟਰਜੀ ਆਇਆ ਹੈ। ਦੱਖਣੀ ਅਫਰੀਕਾ ਤੋਂ ਤਾਨੀਆ ਅਤੇ ਸ਼ਨੈਲ ਮਾਵਾਂ ਧੀਆਂ ਆਈਆਂ ਹਨ। ਬੰਗਲਾਦੇਸ਼ ਤੋਂ ਈਥਨ ਅਤੇ ਫਰਾਂਸ ਤੋਂ ਅਮੈਲੀਆ ਆਈ ਹੈ। ਆਰੀਅਨ ਹੈਂਡੀਕ੍ਰਾਫਟ ਦਾ ਕੰਮ ਕਰਦਾ ਹੈ ਅਤੇ ਕੈਫੇ ਨਾਲ ਜੁੜਨਾ ਚਾਹੁੰਦਾ ਹੈ। ਤਾਨੀਆ ਅਤੇ ਅਮੇਲੀਆ ਇੱਥੇ ਆ ਕੇ ਕਹਿੰਦੇ ਹਨ ਕਿ ਇਨ੍ਹਾਂ ਨੂੰ ਵੇਖ ਕੇ ਸਾਨੂੰ ਹੌਸਲਾ ਮਿਲਦਾ ਹੈ। ਹੀਰੋਜ਼ ਉਹ ਹੁੰਦੇ ਹਨ, ਜੋ ਸਮਾਜ ਦੀ ਉਮੀਦ ਅਤੇ ਸਹਾਰਾ ਬਣਦੇ ਹਨ ਅਤੇ ਹੀਰੋਜ਼ ਤੋਂ ਹੀ 'ਸ਼ੀਰੋਜ਼' ਬਣਿਆ ਹੈ। (ਸ਼ੀਰੋਜ਼ ਕੈਫ਼ੇ ਦਾ ਨਾਮ ਇੰਝ ਪਿਆ ਹੈ)

ਆਗਰੇ ਤੋਂ ਹੀ ਰੋਜ਼ਾਨਾ ਵਿਸ਼ਾਲ ਵੀ ਆਪਣੀ ਵ੍ਹੀਲ ਚੇਅਰ 'ਤੇ ਆਉਂਦਾ ਹੈ। ਇਕ ਕੱਪ ਕਾਫੀ ਅਤੇ ਮੈਗੀ ਖਾ ਕੇ ਉਹ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ। ਵਿਸ਼ਾਲ ਇੱਥੇ ਤੇਜ਼ਾਬੀ ਹਮਲੇ ਦੀਆਂ ਪੀੜਤ ਕੁੜੀਆਂ ਨੂੰ ਸਪੈਨਿਸ਼ ਅਤੇ ਅੰਗਰੇਜ਼ੀ ਸਿਖਾਉਂਦਾ ਹੈ। ਇੰਝ ਕੈਫੇ ਦੀਆਂ ਇਹ ਕੁੜੀਆਂ ਵਿਦੇਸ਼ੀ ਸੈਲਾਨੀਆਂ ਨਾਲ ਗੱਲਬਾਤ ਕਰਦੀਆਂ ਹਨ। ਵਿਸ਼ਾਲ ਮੁਤਾਬਕ ਇੱਥੇ ਆ ਕੇ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ। ਅਸੀਂ ਇਕ-ਦੂਜੇ ਦੀ ਜ਼ਰੂਰਤ ਹਾਂ ਨਹੀਂ ਤਾਂ ਇਸ ਕੁਰਸੀ 'ਤੇ ਬੈਠਿਆ ਸਮਾਂ ਕਿੱਥੇ ਕੱਟਦਾ ਹੈ। ਇਹ ਸਾਡੀ ਦੁਨੀਆ ਹੈ ਅਤੇ ਸਾਨੂੰ ਇਸ 'ਤੇ ਮਾਣ ਹੈ।

ਆਸ਼ੀਸ਼ ਸ਼ੁਕਲਾ, ਸਟਾਪ ਐਸਿਡ ਅਟੈਕ ਅਤੇ ਛਾਂਵ ਫਾਊਂਡੇਸ਼ਨ
''ਇੱਥੇ ਜਦੋਂ ਕੈਫੇ ਦੀ ਸ਼ੁਰੂਆਤ ਹੋਈ ਤਾਂ ਆਲੇ-ਦੁਆਲੇ ਲੋਕ ਇਨ੍ਹਾਂ ਕੁੜੀਆਂ ਨੂੰ ਲੈ ਕੇ ਸਹਿਜ ਨਹੀਂ ਸਨ। ਅੱਜ ਦਿਨ ਹੋਰ ਤੇ ਕੱਲ ਹੋਰ, ਵੇਖਿਦਆਂ-ਵੇਖਿਦਆਂ ਸਮਾਂ ਬਦਲ ਗਿਆ। ਆਗਰੇ ਇਹ ਕੈਫੇ ਅਸੀਂ ਕਿਰਾਏ 'ਤੇ ਸਟੋਰ ਲੈ ਕੇ ਚਲਾਉਂਦੇ ਹਾਂ। ਲਖਨਊ ਸਾਨੂੰ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਰਕਾਰੀ ਥਾਂ ਮੁਹੱਈਆ ਕਰਵਾ ਦਿੱਤੀ। ਇੰਝ ਅਸੀਂ ਦੋ ਥਾਵਾਂ 'ਤੇ ਕੈਫੇ ਚਲਾ ਰਹੇ ਹਾਂ। ਸਾਡੇ ਨੇੜੇ ਤੇੜੇ ਦੇ ਦੁਕਾਨਦਾਰ ਬਹੁਤ ਪਿਆਰ ਦਿੰਦੇ ਹਨ। ਇਹੋ ਸਾਡਾ ਮਕਸਦ ਸੀ। ਤ੍ਰਾਸਦੀਆਂ ਬੰਦੇ ਤੋਂ ਬਹੁਤ ਕੁਝ ਖੋਹ ਲੈਂਦੀਆਂ ਹਨ। ਬਾਹਾਂ ਨੂੰ ਬਾਹਾਂ ਦਾ ਸਹਾਰਾ ਹੀ ਬੰਦੇ ਨੂੰ ਫਿਰ ਤੋਂ ਜੀਣ ਦਾ ਮਕਸਦ ਦਿੰਦਾ ਹੈ। ਸ਼ੀਰੋਜ਼ ਕੈਫੇ ਇਨ੍ਹਾਂ ਕੁੜੀਆਂ ਦੀ ਦੁਨੀਆ ਹੈ। ਇਸ ਦੁਨੀਆਂ ਤੋਂ ਅਸੀਂ ਆਪਣੇ ਆਪ ਲਈ ਕਮਾ ਰਹੇ ਹਾਂ। ਸਾਨੂੰ ਇਕ ਵਿਸ਼ਵਾਸ ਮਿਲਿਆ ਹੈ ਕਿ ਅਸੀਂ ਆਤਮ ਨਿਰਭਰ ਹਾਂ। ਤੇਜ਼ਾਬੀ ਹਮਲਿਆਂ ਤੋਂ ਬਾਅਦ ਸੜੀ ਜ਼ਿੰਦਗੀ 'ਤੇ ਫਿਰ ਤੋਂ ਅਪਣੇ ਅਤੇ ਪਿਆਰ ਦਾ ਮੀਂਹ ਵਰ੍ਹਿਆ ਹੈ। ਸਮਾਜ ਸਾਡੀ ਦੁਨੀਆ ਬਾਰੇ ਆ ਕੇ ਇੱਥੇ ਜਾਣਦਾ ਹੈ। ਉਹ ਜਾਗਰੂਕ ਹੁੰਦਾ ਹੈ। ਅਸੀਂ ਇਹੋ ਦੱਸਣਾ ਚਾਹੁੰਦੇ ਹਾਂ ਕਿ ਮਨੁੱਖੀ ਅਹਿਸਾਸ 'ਚ ਇਕ ਦੂਜੇ ਨੂੰ ਪਿਆਰ ਕੀਤਾ ਜਾ ਸਕਦਾ ਹੈ ਪਰ ਜ਼ਬਰਦਸਤੀ ਨਹੀਂ। ਅਸੀਂ ਆਪਣੇ ਘਰਾਂ 'ਚ ਇਹ ਸਿੱਖਿਆ ਦਈਏ। ਲਿੰਗ ਭੇਦਭਾਵ ਖਤਮ ਕਰੀਏ। ਕੁੜੀ ਕੋਈ ਮੁੰਡੇ ਲਈ ਭੇਜੀ ਵਸਤੂ ਨਹੀਂ ਹੈ, ਜੋ ਉਸ ਦੀਆਂ ਸੇਵਾਵਾਂ 'ਚ ਨੌਕਰਾਂ ਵਾਂਗੂ ਹਾਜ਼ਰ ਹੋਏ। ਉਹ ਵੀ ਹੱਡਮਾਸ ਦੀ ਹੂ-ਬ-ਹੂ ਮੁੰਡੇ ਵਰਗੀ ਹੈ। ਉਸ ਦਾ ਵੀ ਦਿਲ ਹੈ। ਉਸ ਦਾ ਵੀ ਨਜ਼ਰੀਆ ਹੈ। ਉਸ ਦੇ ਵੀ ਅਹਿਸਾਸ ਹਨ। ਇਸ ਅਹਿਸਾਸ, ਨਜ਼ਰੀਏ ਅਤੇ ਦਿਲ ਨੂੰ ਸਮਝਣਾ ਜ਼ਰੂਰੀ ਹੈ ਅਤੇ ਉਸ ਦੇ ਫੈਸਲੇ ਨੂੰ ਆਦਰ ਦੇਣਾ ਜ਼ਰੂਰੀ ਹੈ।


Baljeet Kaur

Content Editor

Related News