ਬੇਅਦਬੀ ਮਾਮਲੇ ਦੇ ਦੋਸ਼ੀ ਸ਼ਕਤੀ ਸਿੰਘ ਦੇ ਘਰ ਪੁੱਜੇ ਅਣਪਛਾਤੇ ਕਾਰ ਸਵਾਰ, ਪਰਿਵਾਰ ਨੇ ਕੀਤੀ ਸੁਰੱਖਿਆ ਵਧਾਉਣ ਦੀ ਮੰਗ
Saturday, Sep 11, 2021 - 08:35 PM (IST)
ਫ਼ਰੀਦਕੋਟ(ਰਾਜਨ,ਜਗਦੀਸ਼)- ਬੇਅਦਬੀ ਮਾਮਲਿਆਂ ਦੇ ਦੋਸ਼ੀ ਡੇਰਾ ਪ੍ਰੇਮੀ ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਡੱਗੋ ਰੋਮਾਣਾ, ਜੋ ਜ਼ਮਾਨਤ ’ਤੇ ਰਿਹਾਅ ਹੋ ਚੁੱਕਾ ਹੈ ਦੇ ਘਰ ਇੱਕ ਕਾਰ ’ਤੇ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁੱਜ ਕੇ ਉਸ ਬਾਰੇ ਕੀਤੀ ਗਈ ਪੁੱਛਗਿੱਛ ਨੇ ਉਸਦੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ- ਕੱਚੇ ਤੇ ਐਡਹਾਕ ਮੁਲਾਜ਼ਮਾਂ ਨੂੰ ਪਾਲਿਸੀ ਬਣਾ ਕੇ ਰੈਗੂਲਰ ਕਰੇ ਪੰਜਾਬ ਸਰਕਾਰ : ਪ੍ਰਿੰਸੀਪਲ ਬੁੱਧਰਾਮ
ਜਾਣਕਾਰੀ ਅਨੁਸਾਰ ਇੱਕ ਕਾਰ ਉਸਦੇ ਘਰ ਨੂੰ ਜਾਂਦੀ ਗਲੀ ਵਿੱਚ ਪੁੱਜੀ ਤਾਂ ਇੱਕ ਅਣਪਛਾਤਾ ਵਿਅਕਤੀ ਕਾਰ ਵਿੱਚੋਂ ਉੱਤਰ ਕੇ ਸ਼ਕਤੀ ਸਿੰਘ ਦੇ ਘਰ ਵੱਲ ਤੁਰ ਪਿਆ, ਜਦਕਿ ਉਸਦੇ ਬਾਕੀ ਸਾਥੀ ਜਿਨ੍ਹਾਂ ਦੀ ਗਿਣਤੀ 4 ਤੋਂ 6 ਦੇ ਕਰੀਬ ਦੱਸੀ ਜਾਂਦੀ ਹੈ, ਉਸਦੇ ਪਿੱਛੇ ਪਿੱਛੇ ਕਾਰ ਸ਼ਕਤੀ ਸਿੰਘ ਦੇ ਘਰ ਦੇ ਵੱਲ ਲਿਜਾਂਦੇ ਵੇਖੇ ਗਏ। ਸੂਤਰਾਂ ਅਨੁਸਾਰ ਇੱਕ ਅਣਪਛਾਤੇ ਵਿਅਕਤੀ ਨੇ ਸ਼ਕਤੀ ਸਿੰਘ ਦੇ ਘਰ ਦੇ ਬਾਹਰ ਪੁੱਜ ਕੇ ਦਰਵਾਜ਼ਾ ਖੜਕਾਇਆ ਤਾਂ ਸ਼ਕਤੀ ਸਿੰਘ ਦੇ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਨ੍ਹਾਂ ਅਣਪਛਾਤੇ ਵਿਅਕਤੀਆਂ ਦੀ ਫੇਰੀ ਉਸ ਵੇਲੇ ਸ਼ੱਕ ਦੇ ਘੇਰੇ ਵਿੱਚ ਆ ਗਈ ਜਦੋਂ ਉਨ੍ਹਾਂ ਇੱਕ ਡੇਰਾ ਪ੍ਰੇਮੀ ਦਾ ਨਾਮ ਲੈ ਕੇ ਇਹ ਕਿਹਾ ਕਿ ਉਸਨੇ ਹੀ ਉਨ੍ਹਾਂ ਨੂੰ ਸ਼ਕਤੀ ਸਿੰਘ ਕੋਲ ਭੇਜਿਆ ਹੈ। ਇਸ’ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਜਦ ਸਬੰਧਤ ਡੇਰਾ ਪ੍ਰੇਮੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਅਜਿਹੇ ਵਿਅਕਤੀ ਭੇਜਣ ਤੋਂ ਸਾਫ਼ ਇਨਕਾਰੀ ਕਰ ਦਿੱਤਾ। ਸੂਤਰਾਂ ਅਨੁਸਾਰ ਜਿਸ ਵੇਲੇ ਇਹ ਅਣਪਛਾਤੇ ਵਿਅਕਤੀ ਸ਼ਕਤੀ ਸਿੰਘ ਦੇ ਘਰ ਪੁੱਜੇ ਤਾਂ ਉਸ ਵੇਲੇ ਸ਼ਕਤੀ ਸਿੰਘ ਘਰ ਵਿੱਚ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵਧ ਰਹੇ ਅਪਰਾਧਾਂ ਲਈ ਕੈਪਟਨ ਅਮਰਿੰਦਰ ਸਿੱਧੇ ਤੌਰ 'ਤੇ ਜ਼ਿੰਮੇਵਾਰ: ਹਰਪਾਲ ਸਿੰਘ ਚੀਮਾ
ਚਿੰਤਾ ਵਿੱਚ ਆਏ ਪਰਿਵਾਰ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਉਣ ਲਈ ਡੀ. ਜੀ. ਪੀ. ਪੰਜਾਬ ਅਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਅਤੇ ਸ਼ਕਤੀ ਸਿੰਘ ਦੀ ਹਿਫ਼ਾਜ਼ਤ ਨੂੰ ਯਕੀਨੀ ਬਣਾਇਆ ਜਾ ਸਕੇ।