ਟੋਲ ਪਲਾਜ਼ਾ ’ਤੇ ਗੁੰਡਾਗਰਦੀ ਕਰਨ ਵਾਲੇ ਮੁਲਜ਼ਮ ਅਜੇ ਤਕ ਪੁਲਸ ਦੀ ਪਹੁੰਚ ਤੋਂ ਦੂਰ

Monday, Feb 27, 2023 - 11:10 PM (IST)

ਟੋਲ ਪਲਾਜ਼ਾ ’ਤੇ ਗੁੰਡਾਗਰਦੀ ਕਰਨ ਵਾਲੇ ਮੁਲਜ਼ਮ ਅਜੇ ਤਕ ਪੁਲਸ ਦੀ ਪਹੁੰਚ ਤੋਂ ਦੂਰ

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)-ਜਲੰਧਰ-ਮੋਗਾ ਨੈਸ਼ਨਲ ਹਾਈਵੇ ’ਤੇ ਸਥਿਤ ਚੱਕ ਬਾਹਮਣੀਆਂ ਟੋਲ ਪਲਾਜ਼ਾ ’ਤੇ ਬੀਤੇ ਦਿਨੀਂ ਟੋਲ ਮੁਲਾਜ਼ਮਾਂ ਦੀ ਕੁੱਟਮਾਰ ਕਰਨ, ਟੋਲ ਬੈਰੀਅਰ ਤੋੜਨ ਅਤੇ ਬੰਦੂਕ ਤਾਣਨ ਦੇ ਮਾਮਲੇ ’ਚ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ’ਚ ਸ਼ਾਹਕੋਟ ਪੁਲਸ ਅਸਫ਼ਲ ਸਾਬਤ ਹੋ ਰਹੀ ਹੈ। ਪੁਲਸ ਦੇ ਸਟਿੱਕਰ ਲੱਗੀ ਗੱਡੀ ’ਚ ਆਏ ਹਥਿਆਰਬੰਦ ਨੌਜਵਾਨਾਂ ਵੱਲੋਂ ਟੋਲ ਪਲਾਜ਼ਾ ’ਤੇ ਨਾ ਸਿਰਫ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ, ਬਲਕਿ ਟੋਲ ਬੈਰੀਅਰ ਤੋੜ ਕੇ ਮੁਲਾਜ਼ਮਾਂ ਉੱਤੇ ਗੱਡੀ ਚਾੜ੍ਹਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਸਭ ਦੌਰਾਨ ਕਾਰ ਸਵਾਰਾਂ ਨੇ ਸ਼ਰੇਆਮ ਦੋਨਾਲੀ ਵੀ ਟੋਲ ਮੁਲਾਜ਼ਮਾਂ ਉੱਤੇ ਤਾਣ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਸਣੇ ਕਈ ਭਾਜਪਾ ਆਗੂਆਂ ’ਤੇ ਲਾਏ ਵੱਡੇ ਇਲਜ਼ਾਮ

ਟੋਲ ਪਲਾਜ਼ਾ ਦੇ ਮੈਨੇਜਰ ਸੋਨੂੰ ਤੋਮਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਸੀ.ਸੀ.ਟੀ.ਵੀ. ਫੁਟੇਜ ਇਕ ਸ਼ਿਕਾਇਤ ਦੇ ਨਾਲ ਨੱਥੀ ਕਰਕੇ ਸ਼ਾਹਕੋਟ ਪੁਲਸ ਨੂੰ ਦਿੱਤੀ ਗਈ ਸੀ ਪਰ ਪੁਲਸ ਨੇ ਅਜੇ ਤੱਕ 17 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ’ਤੇ ਆਏ ਕਾਰ ਸਵਾਰਾਂ ਨਾਲ ਟੋਲ ਪਰਚੀ ਕੱਟੇ ਜਾਣ ਨੂੰ ਲੈ ਕੇ ਵਿਵਾਦ ਹੋਇਆ ਸੀ। ਕਾਰ ਦੇ ਉੱਤੇ ਕੋਈ ਵੀ ਫਾਸਟੈਗ ਸਟਿੱਕਰ ਮੌਜੂਦ ਨਹੀਂ ਸੀ। ਜਦ ਕਾਰ ਸਵਾਰਾਂ ਨੂੰ ਟੋਲ ਪਲਾਜ਼ਾ ਦੀ ਪਰਚੀ ਕਟਵਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ਅਤੇ ਕਾਰ ’ਚੋਂ ਨਿਕਲ ਕੇ ਨੌਜਵਾਨਾਂ ਨੇ ਦੋਨਾਲੀ ਬੰਦੂਕ ਟੋਲ ਮੁਲਾਜ਼ਮ ’ਤੇ ਤਾਣ ਦਿੱਤੀ ਸੀ। ਇਸੇ ਦੌਰਾਨ ਟੋਲ ਪਲਾਜ਼ਾ ਦੇ ਕਰਮਚਾਰੀ ਨੂੰ ਕੁੱਟਿਆ ਵੀ ਗਿਆ। ਕਰਮਚਾਰੀ ਦੀ ਕੁੱਟਮਾਰ ਹੁੰਦੀ ਵੇਖ ਜਦੋਂ ਸਾਰੇ ਮੁਲਾਜ਼ਮ ਇਕ ਜਗ੍ਹਾ ’ਤੇ ਇਕੱਠੇ ਹੋ ਗਏ ਤਾਂ ਉਕਤ ਕਾਰ ਸਵਾਰਾਂ ਨੇ ਕਰਮਚਾਰੀਆਂ ਉੱਤੇ ਗੱਡੀ ਚਾੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਸੋਨੂੰ ਤੋਮਰ ਨੇ ਦੱਸਿਆ ਕਿ ਗੱਡੀ ਉੱਤੇ ਪੰਜਾਬ ਪੁਲਸ ਦਾ ਸਟਿੱਕਰ ਵੀ ਲੱਗਾ ਹੋਇਆ ਸੀ। ਇਸ ਸਭ ਦੇ ਬਾਵਜੂਦ ਜਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਸ ਵੱਲੋਂ ਉਨ੍ਹਾਂ ਕਾਰ ਸਵਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ’ਚ ਹੋਈ ਗੈਂਗਵਾਰ ਦੀ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਵਿਰੋਧੀਆਂ ਨੂੰ ਦਿੱਤੀ ਧਮਕੀ

ਸੋਸ਼ਲ ਮੀਡੀਆ ’ਤੇ ਹਥਿਆਰ ਦਿਖਾਉਣ ’ਤੇ ਹੀ ਹੋ ਜਾਂਦੈ ਪਰਚਾ ਦਰਜ

ਪੰਜਾਬ 'ਚ ਵਧਦੇ ਗੈਂਗਸਟਰਵਾਦ ਨੂੰ ਰੋਕਣ ਲਈ ਪੰਜਾਬ ਪੁਲਸ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਹਥਿਆਰ ਦਿਖਾਉਣ ’ਤੇ ਹੀ ਲੋਕਾਂ ਉੱਤੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਸੀ ਪਰ ਜਿਸ ਤਰੀਕੇ ਨਾਲ ਟੋਲ ਪਲਾਜ਼ਾ ’ਤੇ ਹਥਿਆਰ ਲਹਿਰਾਏ ਗਏ, ਟੋਲ ਪਲਾਜ਼ਾ ਮੁਲਾਜ਼ਮਾਂ ’ਤੇ ਦੋਨਾਲੀ ਤਾਣਨ ਦੇ ਮਾਮਲੇ ਵਿਚ ਪੁਲਸ ਵੱਲੋਂ ਕਾਰਵਾਈ ਨਾ ਕੀਤਾ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਡੀ.ਜੀ.ਪੀ. ਪੰਜਾਬ ਵੱਲੋਂ ਹਥਿਆਰਾਂ ਦੀ ਰੋਕਥਾਮ ਲਈ ਲਗਾਤਾਰ ਨਿਰਦੇਸ਼ ਦਿੱਤੇ ਜਾ ਰਹੇ ਹਨ ਪਰ ਇਸ ਤਰੀਕੇ ਨਾਲ ਹਥਿਆਰ ਦਿਖਾਉਣ ਵਾਲਿਆਂ ਉੱਤੇ ਸ਼ਾਹਕੋਟ ਪੁਲਸ ਕਿਸ ਬੇਵੱਸੀ ਕਾਰਨ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਕਾਰਨ ਨਾ ਸਿਰਫ ਟੋਲ ਪਲਾਜ਼ਾ ਕਰਮਚਾਰੀ ਸਹਿਮੇ ਹੋਏ ਹਨ ਬਲਕਿ ਇਲਾਕੇ ਦੇ ਲੋਕਾਂ 'ਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਹੈ ਹਾਈਟੈੱਕ ਪੁਲਸ ਨਾਕਾ

ਜਿਸ ਟੋਲ ਪਲਾਜ਼ਾ ’ਤੇ ਇਹ ਵਾਰਦਾਤ ਹੋਈ, ਉਹ ਦੋਆਬੇ ਨੂੰ ਮਾਲਵੇ ਨਾਲ ਜੋੜਦੇ ਸਤਲੁਜ ਦਰਿਆ ’ਤੇ ਬਣੇ ਹਾਈਟੈੱਕ ਨਾਕੇ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਹੈ। ਇਥੇ ਨਾ ਸਿਰਫ ਪੰਜਾਬ ਪੁਲਸ ਵੱਲੋਂ ਆਧੁਨਿਕ ਤਕਨੀਕ ਦੇ ਕੈਮਰੇ ਫਿੱਟ ਕੀਤੇ ਗਏ ਹਨ ਬਲਕਿ ਇਥੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਵੀ ਹਰ ਸਮੇਂ ਰਹਿੰਦੀ ਹੈ। ਇਸ ਦੇ ਬਾਵਜੂਦ ਅਜਿਹੀ ਵਾਰਦਾਤ ਦਾ ਹੋ ਜਾਣਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦਾ ਪੁਲਸ ਦੀ ਪਹੁੰਚ ਤੋਂ ਦੂਰ ਹੋਣਾ, ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਦਿੱਤੀ ਸੀ.ਸੀ.ਟੀ.ਵੀ. ਦੇ ਆਧਾਰ ’ਤੇ ਹਾਈਟੈੱਕ ਨਾਕੇ ਤੋਂ ਗੱਡੀ ਦੀ ਜਾਣਕਾਰੀ ਜੁਟਾਉਣ ’ਚ ਪੁਲਸ ਦੇ ਹੱਥ ਖਾਲੀ ਜਾਪਦੇ ਹਨ। ਕੀ ਇਹ ਪੁਲਸ ਦੀ ਢਿੱਲੀ ਕਾਰਜਪ੍ਰਣਾਲੀ ਹੈ ਜਾਂ ਪੁਲਸ ਕਿਸੇ ਮਜਬੂਰੀ ਵੱਸ ਕਾਰਵਾਈ ਕਰਨਾ ਹੀ ਨਹੀਂ ਚਾਹੁੰਦੀ ?

ਤਿਆਰੀ ਕਰਕੇ ਜਾਈਦੈ, ਹੋ ਸਕਦੈ ਬੰਦੇ ਮਾੜੇ ਹੋਣ : ਡੀ.ਐੱਸ.ਪੀ.

ਮਾਮਲੇ ਨੂੰ 17 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਸਬੰਧੀ ਜਦੋਂ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੱਡੀ ਦਾ ਨੰਬਰ ਟ੍ਰੇਸ ਕਰ ਲਿਆ ਹੈ ਤੇ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਮਾੜੇ ਅਨਸਰ ਹੀ ਹੋਣ। ਇਸ ਲਈ ਪੁਲਸ ਪੂਰੀ ਤਿਆਰੀ ਕਰਕੇ ਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Manoj

Content Editor

Related News