ਗੱਡੀ ''ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ''ਚ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ, ਗੈਂਗਸਟਰ ਕੌਸ਼ਲ ਚੌਧਰੀ ਨਾਲ ਜੁੜੇ ਤਾਰ

Friday, Dec 29, 2023 - 10:43 AM (IST)

ਗੱਡੀ ''ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ''ਚ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ, ਗੈਂਗਸਟਰ ਕੌਸ਼ਲ ਚੌਧਰੀ ਨਾਲ ਜੁੜੇ ਤਾਰ

ਜਲੰਧਰ (ਵਰੁਣ)–ਬੱਸ ਸਟੈਂਡ ਦੇ ਸਾਹਮਣੇ ਫਿਰੌਤੀ ਲਈ ਟ੍ਰੈਵਲ ਏਜੰਟ ਦੀ ਗੱਡੀ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ’ਚ ਸੀ. ਆਈ. ਏ. ਸਟਾਫ਼ ਨੇ ਦਿੱਲੀ ਵਿਚ ਰੇਡ ਕਰਕੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਗੈਂਗਸਟਰ ਕੌਸ਼ਲ ਚੌਧਰੀ ਦੇ ਸਾਲੇ ਦੇ ਮਾਮੇ ਦਾ ਪੁੱਤ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਬੱਸ ਵਿਚ ਬੈਠ ਕੇ ਦਿੱਲੀ ਨਿਕਲ ਗਿਆ ਸੀ। ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ’ਤੇ ਗੋਲ਼ੀਆਂ ਚਲਾਉਣ ਵਾਲੇ ਦਵਿੰਦਰਪਾਲ ਉਰਫ਼ ਬਿੰਦਰ ਤੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਕੁਝ ਇਨਪੁੱਟ ਮਿਲੇ ਸਨ, ਜਿਸ ਤੋਂ ਬਾਅਦ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਦਿੱਲੀ ਵਿਚ ਰੇਡ ਕੀਤੀ। ਉਥੇ ਵੱਖ-ਵੱਖ ਥਾਵਾਂ ’ਤੇ ਰੇਡ ਕਰਕੇ ਪੁਲਸ ਨੇ ਏਜੰਟ ਦੀ ਰੇਕੀ ਕਰਨ ਵਾਲੇ ਦੂਜੇ ਮੁਲਜ਼ਮ ਰੋਹਿਤ ਉਰਫ਼ ਕਾਕੂ ਪੁੱਤਰ ਜਗਨ ਨਾਥ ਚੋਪੜਾ ਨਿਵਾਸੀ ਜੁਲਾਹਾ ਬਸਤੀ ਬੁਰਾੜੀ (ਦਿੱਲੀ) ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਸ ਨੇ ਮੁਲਜ਼ਮ ਨੂੰ ਜਲੰਧਰ ਲਿਆ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਏਜੰਟ ਇੰਦਰਜੀਤ ਸਿੰਘ ਦੀ ਗੱਡੀ ’ਤੇ ਗੋਲ਼ੀਆਂ ਚਲਾਉਣ ਵਿਚ ਉਹ 3 ਨਹੀਂ ਸਗੋਂ 4 ਲੋਕ ਸ਼ਾਮਲ ਸਨ। ਇਕ ਮੁਲਜ਼ਮ ਵੱਖਰੀ ਬਾਈਕ ’ਤੇ ਉਨ੍ਹਾਂ ਨੂੰ ਐਸਕਾਰਟ ਕਰਦੇ ਹੋਏ ਅੱਗੇ ਜਾ ਰਿਹਾ ਸੀ। ਕਾਫ਼ੀ ਘੰਟੇ ਉਹ ਘਟਨਾ ਸਥਾਨ ਦੇ ਆਲੇ-ਦੁਆਲੇ ਘੁੰਮਦੇ ਰਹੇ, ਜਿਸ ਤੋਂ ਬਾਅਦ ਕਾਕੂ ਬੱਸ ਵਿਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋ ਗਿਆ। ਕਾਕੂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਕੇਸ ਨਹੀਂ ਹੈ, ਜੋ ਕੌਸ਼ਲ ਚੌਧਰੀ ਦੇ ਸਾਲੇ ਸੌਰਵ ਦੇ ਕਹਿਣ ’ਤੇ ਇਸ ਵਾਰਦਾਤ ਵਿਚ ਸ਼ਾਮਲ ਹੋਇਆ ਸੀ। ਪੁਲਸ ਨੇ ਇਸ ਕੇਸ ਵਿਚ ਸੌਰਵ ਨੂੰ ਵੀ ਨਾਮਜ਼ਦ ਕਰ ਲਿਆ ਹੈ। ਡੀ. ਸੀ. ਪੀ. ਵਿਰਕ ਨੇ ਕਿਹਾ ਕਿ ਬਾਕੀ 2 ਮੁਲਜ਼ਮਾਂ ਦੀ ਪਛਾਣ ਕਰਵਾਈ ਜਾ ਰਹੀ ਹੈ, ਹਾਲਾਂਕਿ ਇਹ ਲੋਕ ਆਪਸ ਵਿਚ ਵਾਕਿਫ ਨਹੀਂ ਸਨ ਪਰ ਕਈ ਪਹਿਲੂਆਂ ਤੋਂ ਕੀਤੀ ਗਈ ਜਾਂਚ ਵਿਚ ਕਾਕੂ ਦੀ ਪਛਾਣ ਕਰ ਲਈ ਗਈ ਸੀ।

ਇਹ ਵੀ ਪੜ੍ਹੋ : SYL ਵਿਵਾਦ 'ਤੇ ਹੋਈ ਮੀਟਿੰਗ ਮਗਰੋਂ ਬੋਲੇ CM ਮਾਨ, ਸਾਡੇ ਕੋਲ ਦੇਣ ਲਈ ਪਾਣੀ ਦੀ ਇਕ ਵੀ ਬੂੰਦ ਨਹੀਂ

15 ਦਸੰਬਰ ਦੀ ਦੁਪਹਿਰ ਨੂੰ ਬੱਸ ਸਟੈਂਡ ਦੇ ਸਾਹਮਣੇ ਡੈਲਟਾ ਚੈਂਬਰ ਦੀ ਪਾਰਕਿੰਗ ਵਿਚ ਖੜ੍ਹੀ ਏਜੰਟ ਇੰਦਰਜੀਤ ਸਿੰਘ ਦੀ ਗੱਡੀ ’ਤੇ ਕਾਲੇ ਰੰਗ ਦੇ ਸਪਲੈਂਡਰ ਬਾਈਕ ਸਵਾਰ 3 ਨੌਜਵਾਨਾਂ ਨੇ 5 ਗੋਲ਼ੀਆਂ ਚਲਾਈਆਂ ਸਨ। ਜਿਉਂ ਹੀ ਇੰਦਰਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਪਾਰਕਿੰਗ ਵਿਚ ਆਇਆ, ਜਿੱਥੇ ਸ਼ੀਸ਼ੇ ’ਤੇ ਇਕ ਲੈਟਰ ਲੱਗਾ ਹੋਇਆ ਸੀ, ਜਿਸ ਵਿਚ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਲੈਟਰ ਵਿਚ ਕੌਸ਼ਲ ਚੌਧਰੀ ਦਾ ਨਾਂ ਅਤੇ ਕੁਝ ਵਿਦੇਸ਼ੀ ਨੰਬਰ ਲਿਖੇ ਹੋਏ ਸਨ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

22 ਦਸੰਬਰ ਨੂੰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਨੂੰ ਇਨਪੁੱਟ ਮਿਲਿਆ ਅਤੇ ਉਨ੍ਹਾਂ ਜੰਡਿਆਲਾ ਵਿਚ ਇਕ ਮੁਲਜ਼ਮ ਦਾ ਟ੍ਰੈਪ ਲਾਇਆ, ਜਿਸ ਨੇ ਪੁਲਸ ਨੂੰ ਆਉਂਦੇ ਦੇਖ ਲਗਭਗ 6 ਫਾਇਰ ਕਰ ਦਿੱਤੇ। ਜਵਾਬੀ ਕਾਰਵਾਈ ਵਿਚ ਸੀ. ਆਈ. ਏ. ਸਟਾਫ਼ ਨੇ ਗੋਲ਼ੀਆਂ ਚਲਾਈਆਂ ਤਾਂ 2 ਗੋਲ਼ੀਆਂ ਮੁਲਜ਼ਮ ਦਵਿੰਦਰਪਾਲ ਉਰਫ਼ ਬਿੰਦਰ ਨਿਵਾਸੀ ਪਿੰਡ ਕਾਹਲਵਾਂ ਦੇ ਪੈਰ ’ਤੇ ਲੱਗੀਆਂ, ਜਿਸ ਨੂੰ ਪੁਲਸ ਨੇ ਕਾਬੂ ਕਰਕੇ 32 ਬੋਰ ਦਾ ਵੈਪਨ ਅਤੇ ਗੋਲ਼ੀਆਂ ਬਰਾਮਦ ਕੀਤੀਆਂ।

ਇਹ ਵੀ ਪੜ੍ਹੋ : ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਵਿਦੇਸ਼ ਤੋਂ ਆਏ ਨੌਜਵਾਨ 'ਤੇ ਹੋਈ ਫਾਇਰਿੰਗ

6 ਦਿਨਾਂ ਤੋਂ ਮੁਲਜ਼ਮ ਬਿੰਦਰ ਦਾ ਚੱਲ ਰਿਹੈ ਇਲਾਜ
ਪਿਛਲੇ 6 ਦਿਨਾਂ ਤੋਂ ਪੁਲਸ ਦੀ ਕਸਟੱਡੀ ਵਿਚ ਦਵਿੰਦਰ ਦਾ ਇਲਾਜ ਕੀਤਾ ਜਾ ਰਿਹਾ ਹੈ। ਮੁਲਜ਼ਮ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਇਲਾਜ ਹੋਣ ਤੋਂ ਬਾਅਦ ਉਸਦੀ ਗ੍ਰਿਫ਼ਤਾਰੀ ਪਾ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ, ਹਾਲਾਂਕਿ ਪੁਲਸ ਨੇ ਹਾਲ ਹੀ ਵਿਚ ਕਾਬੂ ਕੀਤੇ ਮੁਲਜ਼ਮ ਕਾਕੂ ਨੂੰ 30 ਦਸੰਬਰ ਤਕ ਰਿਮਾਂਡ ’ਤੇ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ 2023 ’ਚ ਸਭ ਤੋਂ ਵੱਧ 1161 ਕਿਲੋ ਹੈਰੋਇਨ ਬਰਾਮਦ, ਗੈਂਗਸਟਰਾਂ ਦੇ ਐਨਕਾਊਂਟਰ 'ਤੇ ਕੀਤਾ ਵੱਡਾ ਖ਼ੁਲਾਸਾ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News