ਪੈਰੋਲ ’ਤੇ ਆਇਆ ਕਤਲ ਦਾ ਮੁਲਜ਼ਮ ਹਵਾਲਾਤ ’ਚੋਂ ਫ਼ਰਾਰ, ਮੁਨਸ਼ੀ ਸਮੇਤ ਦੋ ਵਿਰੁੱਧ ਮਾਮਲਾ ਦਰਜ
Friday, Apr 16, 2021 - 03:49 PM (IST)
ਮੋਗਾ (ਅਜ਼ਾਦ) : ਬੀਤੀ ਰਾਤ ਥਾਣਾ ਫਤਿਹਗੜ੍ਹ ਪੰਜਤੂਰ ਦੀ ਹਵਾਲਾਤ ਵਿਚ ਬੰਦ ਭਗੋੜਾ ਹੱਤਿਆ ਦਾ ਦੋਸ਼ੀ ਨਿਸ਼ਾਨ ਸਿੰਘ ਨਿਵਾਸੀ ਪਿੰਡ ਕੜਾਹੇਵਾਲਾ ਰਾਤ ਨੂੰ ਥਾਣੇ ਵਿਚ ਤਾਇਨਾਤ ਮੁਨਸ਼ੀ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਸਬੰਧ ਵਿਚ ਸਹਾਇਕ ਥਾਣੇਦਾਰ ਮੇਜਰ ਸਿੰਘ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਨਿਸ਼ਾਨ ਸਿੰਘ ਕੜਾਹੇਵਾਲਾ ਅਤੇ ਹੌਲਦਾਰ (ਮੁਨਸ਼ੀ) ਗੁਰਨਾਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਖ਼ਿਲਾਫ਼ ਥਾਣਾ ਜੀਰਾ ਵਿਚ ਹੱਤਿਆ ਦਾ ਮਾਮਲਾ ਦਰਜ ਸੀ ਅਤੇ ਉਹ ਉਕਤ ਮਾਮਲੇ ਵਿਚ ਫਰੀਦਕੋਟ ਦੀ ਜੇਲ ਵਿਚ ਸਜ਼ਾ ਕੱਟ ਰਿਹਾ ਸੀ।
ਕੋਰੋਨਾ ਮਹਾਮਾਰੀ ਦੇ ਚੱਲਦੇ ਉਸਦੇ ਕੁਝ ਮਹੀਨੇ ਪਹਿਲਾਂ ਜੇਲ੍ਹ ਪ੍ਰਸ਼ਾਸਨ ਵਲੋਂ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ ਅਤੇ ਉਸਨੇ 19 ਮਾਰਚ 2021 ਨੂੰ ਵਾਪਸ ਜਾਣਾ ਸੀ ਪਰ ਨਹੀਂ ਗਿਆ। ਪੁਲਸ ਨੇ ਉਸ ਨੂੰ ਕਾਬੂ ਕਰਕੇ ਹਵਾਲਾਤ ਵਿਚ ਬੰਦ ਕਰਕੇ ਉਸ ਦਾ ਪੁਲਸ ਰਿਮਾਂਡ ਲਿਆ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਕਿਹਾ ਕਿ ਨਿਸ਼ਾਨ ਸਿੰਘ ਨੂੰ ਹਵਾਲਾਤ ਵਿਚ ਬੰਦ ਕਰਕੇ ਮੈਂ ਰਾਤ ਨੂੰ ਮੁਨਸ਼ੀ ਨੂੰ ਇਹ ਕਹਿ ਕੇ ਚਲਾ ਗਿਆ ਕਿ ਇਹ ਖ਼ਤਰਨਾਕ ਮੁਲਜ਼ਮ ਹੈ, ਉਸਦਾ ਧਿਆਨ ਰੱਖਿਆ ਜਾਵੇ ਪਰ ਰਾਤ ਦੇ ਸਮੇਂ ਉਹ ਮੁਨਸ਼ੀ ਗੁਰਨਾਮ ਸਿੰਘ ਨੂੰ ਇਹ ਕਹਿ ਕੇ ਮੇਰੇ ਪੇਟ ਵਿਚ ਦਰਦ ਹੋ ਰਿਹਾ ਹੈ, ਹਵਾਲਾਤ ਤੋਂ ਬਾਹਰ ਨਿਕਲਿਆ ਅਤੇ ਉਸ ਨੂੰ ਧੱਕਾ ਦੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਸ ਕਥਿਤ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।