ਵੱਖ-ਵੱਖ ਹਾਦਸਿਆਂ ਵਿਚ 2 ਮਜ਼ਦੂਰਾਂ ਦੀ ਮੌਤ

05/23/2024 5:31:16 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਅੱਜ ਦੋ ਵੱਖ-ਵੱਖ ਵਾਪਰੇ ਹਾਦਸਿਆਂ ਵਿਚ 2 ਮਜ਼ਦੂਰ ਰਾਹੁਲ ਕੁਮਾਰ ਪੰਡਿਤ ਅਤੇ ਵਿਨੋਦ ਸ਼ਰਮਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਹਾਂਵੀਰ ਕਾਲੋਨੀ ਦਾ ਵਾਸੀ ਵਿਨੋਦ ਸ਼ਰਮਾ (45) ਇੱਕ ਮਿਸਤਰੀ ਨਾਲ ਮਜ਼ਦੂਰੀ ਕਰਦਾ ਸੀ ਅਤੇ ਕੱਲ੍ਹ ਸ਼ਾਮ ਉਹ ਦੂਸਰੀ ਮੰਜ਼ਿਲ ’ਤੇ ਪੈਡ ਉੱਪਰ ਖੜ੍ਹ ਕੇ ਕੰਮ ਕਰ ਰਿਹਾ ਸੀ। ਅਚਾਨਕ ਉਹ ਜ਼ਮੀਨ ’ਤੇ ਆ ਡਿੱਗਿਆ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਦਮ ਤੋੜ ਗਿਆ। ਪੁਲਸ ਵਲੋਂ ਇਸ ਮਾਮਲੇ ਵਿਚ ਲਾਸ਼ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਅਤੇ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਮ੍ਰਿਤਕ ਵਿਨੋਦ ਸ਼ਰਮਾ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ। 

ਇਸ ਤਰ੍ਹਾਂ ਹੀ ਇਕ ਹੋਰ ਮਾਮਲੇ ਵਿਚ ਗੜ੍ਹੀ ਤਰਖਾਣਾ ਦਾ ਵਾਸੀ ਰਾਹੁਲ ਕੁਮਾਰ ਪੰਡਿਤ ਜੋ ਕਿ ਵਿਜੈ ਕੁਮਾਰ ਨਾਮਕ ਵਿਅਕਤੀ ਦੇ ਪਸ਼ੂਆਂ ਦੀ ਸਾਂਭ-ਸੰਭਾਲ ਕਰਦਾ ਸੀ। ਉਹ ਕੱਲ੍ਹ ਸ਼ਾਮ ਪਸ਼ੂਆਂ ਦਾ ਦੁੱਧ ਲੈ ਕੇ ਗੜ੍ਹੀ ਤਰਖਾਣਾ ਤੋਂ ਮਾਛੀਵਾੜਾ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਵਿਚ ਇੱਕ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਚੰਡੀਗੜ੍ਹ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਮਜ਼ਦੂਰ ਰਾਹੁਲ ਕੁਮਾਰ ਪੰਡਿਤ ਨੂੰ ਫੇਟ ਮਾਰਨ ਵਾਲੇ ਵਾਹਨ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਸਦੇ ਅਣਪਛਾਤੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਲਾਸ਼ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।


Gurminder Singh

Content Editor

Related News