ਪੰਜਾਬ ਤੋਂ ਮਨੀਕਰਨ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ ! 3 ਜੀਆਂ ਦੀ ਮੌਤ

Friday, Jun 12, 2026 - 06:21 PM (IST)

ਪੰਜਾਬ ਤੋਂ ਮਨੀਕਰਨ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ ! 3 ਜੀਆਂ ਦੀ ਮੌਤ

ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਪੰਜਾਬੀ ਪਰਿਵਾਰ ਨਾਲ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਮਨੀਕਰਨ ਘਾਟੀ ਦੇ ਸਰਸਾੜੀ ਵਿੱਚ ਇੱਕ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਸਵਾਰ 5 ਸੈਲਾਨੀਆਂ ਵਿੱਚੋਂ 3 ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ 8 ਸਾਲ ਦੀ ਬੱਚੀ ਸਮੇਤ 2 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਕਾਫੀ ਉਚਾਈ ਤੋਂ ਹੇਠਾਂ ਪਾਰਵਤੀ ਨਦੀ ਦੇ ਕਿਨਾਰੇ ਜਾ ਪਹੁੰਚੀ। ਹਾਦਸੇ ਤੋਂ ਬਾਅਦ ਕਾਰ ਦੀ ਹਾਲਤ ਬੁਰੀ ਤਰ੍ਹਾਂ ਵਿਗੜ ਗਈ 'ਤੇ ਇਸ ਵਿੱਚ ਸਵਾਰ ਲੋਕ ਅੰਦਰ ਹੀ ਬੁਰੀ ਤਰ੍ਹਾਂ ਫਸ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਪੰਜਾਬ ਦੇ ਜਲੰਧਰ ਨੰਬਰ ਦੀ ਸੀ ਤੇ ਅਜਿਹਾ ਲੱਗਦਾ ਹੈ ਕਿ ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ।

ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਸਥਾਨਕ ਲੋਕ ਮਦਦ ਲਈ ਮੌਕੇ 'ਤੇ ਪੁੱਜੇ। ਕਾਰ ਬੁਰੀ ਤਰ੍ਹਾਂ ਭੰਨ੍ਹੀ ਹੋਣ ਕਾਰਨ ਉਸ ਦੀਆਂ ਖਿੜਕੀਆਂ ਨਹੀਂ ਖੁੱਲ੍ਹ ਰਹੀਆਂ ਸਨ, ਜਿਸ ਕਾਰਨ ਲੋਕਾਂ ਨੂੰ ਕਾਰ ਤੋੜ ਕੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣਾ ਪਿਆ। ਲੋਕਾਂ ਨੇ ਤੁਰੰਤ ਇੱਕ ਬੱਚੇ ਨੂੰ ਰੈਸਕਿਊ ਕੀਤਾ ਤੇ ਬਾਕੀਆਂ ਨੂੰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਬਚਾਅ ਕਾਰਜ ਦੌਰਾਨ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਦੋ ਲੋਕਾਂ ਦੇ ਸਾਹ ਚੱਲ ਰਹੇ ਸਨ। ਹਾਲਾਂਕਿ ਇੱਕ ਜ਼ਖ਼ਮੀ ਨੇ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਬਾਕੀ 2 ਜ਼ਖ਼ਮੀਆਂ ਨੂੰ ਭੁੰਤਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shubam Kumar

Content Editor

Related News