ਅੰਮ੍ਰਿਤਸਰ ਜ਼ਿਲ੍ਹੇ ’ਚ ਵਾਪਰਿਆ ਵੱਡਾ ਹਾਦਸਾ, ਖੇਤਾਂ ’ਚ ਨਾੜ ਨੂੰ ਲੱਗੀ ਅੱਗ ਕਾਰਨ ਜਿਊਂਦਾ ਸੜਿਆ ਵਿਅਕਤੀ
Wednesday, May 10, 2023 - 06:32 PM (IST)
ਲੋਪੋਕੇ (ਸਤਨਾਮ) : ਅੰਮ੍ਰਿਤਸਰ ਜ਼ਿਲ੍ਹੇ ਦੇ ਪੁਲਸ ਥਾਣਾ ਲੋਪੋਕੇ ਤੋਂ ਕੁਝ ਦੂਰੀ ’ਤੇ ਖੇਤਾਂ ’ਚ ਨਾੜ ਨੂੰ ਲੱਗੀ ਅੱਗ ਕਾਰਨ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਖੇਤਾਂ ’ਚ ਲਗਾਈ ਅੱਗ ਕਾਰਣ ਮੋਟਰਸਾਈਕਲ ਸਵਾਰ ਰਾਹਗੀਰ ਜ਼ਿੰਦਾ ਹੀ ਸੜ ਗਿਆ। ਇਸ ਸਬੰਧੀ ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ (65) ਪੁੱਤਰ ਜੋਗਿੰਦਰ ਸਿੰਘ ਵਾਸੀ ਕੋਹਾਲਾਂ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਪਣੇ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਵੈਰੋਕੇ ਤੋਂ ਕੋਹਾਲਾ ਜਾ ਰਿਹਾ ਸੀ ਅਤੇ ਰਸਤੇ ਵਿਚ ਡੇਰਾ ਰਾਧਾ ਸੁਆਮੀ ਤੋਂ ਕੁਝ ਹੀ ਦੂਰੀ ’ਤੇ ਨਾੜ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਅੱਗ ਇੰਨੀ ਭਿਆਨਕ ਸੀ ਕਿ ਇਸ ਅੱਗ ਦੀਆਂ ਲਪਟਾਂ ਸੜਕ ’ਤੇ ਆ ਰਹੀਆਂ ਸਨ ਜਦੋਂ ਸੁਖਦੇਵ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਥੋਂ ਲੰਘ ਰਿਹਾ ਸੀ ਤਾਂ ਉਸ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ’ਚ ਹੋਇਆ ਵੱਡਾ ਬਦਲਾਅ, ਪਿਛਲੇ 22 ਸਾਲਾਂ ਦਾ ਰਿਕਾਰਡ ਟੁੱਟਿਆ
ਅੱਗ ਨੇ ਸੁਖਦੇਵ ਸਿੰਘ ਨੂੰ ਮੋਟਰਸਾਈਕਲ ਸਮੇਤ ਆਪਣੀ ਲਵੇਟ ਵਿਚ ਲੈ ਲਿਆ। ਭਿਆਨਕ ਅੱਗ ਦਾ ਸ਼ਿਕਾਰ ਬਣੇ ਸੁਖਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੁਖਦੇਵ ਸਿੰਘ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਅੱਗ ਵਿੱਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਸੁਖਦੇਵ ਸਿੰਘ ਦੀ ਮੌਤ ਹੋ ਚੁੱਕੀ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਜਗ੍ਹਾ ’ਤੇ ਨਾੜ ਨੂੰ ਅੱਗ ਲੱਗੀ ਸੀ ਉਸ ਤੋਂ ਕੁਝ ਦੂਰੀ ’ਤੇ ਇਕ ਸਕੂਲ ਵੀ ਹੈ। ਇਹ ਹਾਦਸਾ ਵਾਪਰਨ ਤੋਂ ਕੁਝ ਸਮਾਂ ਪਹਿਲਾਂ ਹੀ ਸਕੂਲ ’ਚੋਂ ਛੁੱਟੀ ਹੋਈ ਸੀ ਕੋਈ ਹੋਰ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਉਧਰ ਘਟਨਾ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੁਲਸ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਮਾਂ-ਪੁੱਤ, ਕਰਤੂਤ ਅਜਿਹੀ ਕਿ ਸੁਣ ਹੋਵੋਗੇ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।