ਟਿੱਪਰ ਦੀ ਲਪੇਟ ’ਚ ਆਉਣ ਕਾਰਨ ਦੋ ਬੱਚਿਆਂ ਦੇ ਪਿਤਾ ਦੀ ਮੌਤ
Saturday, Aug 29, 2026 - 10:35 AM (IST)
ਅਬੋਹਰ (ਸੁਨੀਲ) : ਇੱਥੇ ਇਕ ਦਰਦਨਾਕ ਹਾਦਸੇ 'ਚ ਦੋ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਪਿਛਲੇ ਦੋ ਮਹੀਨਿਆਂ ਤੋਂ ਅਬੋਹਰ 'ਚ ਇਕ ਸੜਕ ਨਿਰਮਾਣ ਕੰਮ ’ਚ ਮਸ਼ੀਨ ਚਲਾਉਣ ਦਾ ਕੰਮ ਕਰ ਰਿਹਾ ਸੀ। ਇਸ ਹਾਦਸੇ ਨੇ ਪਰਿਵਾਰ ਨੂੰ ਸੋਗ 'ਚ ਡੁੱਬੋ ਦਿੱਤਾ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਖੇਤਰ ਦੇ ਤਾਤ ਪਿੰਡ ਵਾਸੀ ਜਤਿੰਦਰ ਪਿਛਲੇ ਦੋ ਮਹੀਨਿਆਂ ਤੋਂ ਅਬੋਹਰ 'ਚ ਇਕ ਸੜਕ ਨਿਰਮਾਣ ਕੰਮ ’ਚ ਮਸ਼ੀਨ ਚਾਲਕ ਵਜੋਂ ਕੰਮ ਕਰ ਰਿਹਾ ਸੀ। ਸ਼ੁੱਕਰਵਾਰ ਸਵੇਰੇ ਉਹ ਇਕ ਸੜਕ ਨਿਰਮਾਣ ਸਥਾਨ ਦੇ ਨੇੜੇ ਸੁੱਤਾ ਪਿਆ ਸੀ। ਇਸੇ ਦੌਰਾਨ ਇਕ ਟਿੱਪਰ ਚਾਲਕ ਵੱਲੋਂ ਵਾਹਨ ਨੂੰ ਪਿੱਛੇ ਕਰਦੇ ਸਮੇਂ ਕਥਿਤ ਲਾਪਰਵਾਹੀ ਵਰਤੀ ਗਈ ਅਤੇ ਟਿੱਪਰ ਜਤਿੰਦਰ ਦੇ ਉੱਪਰ ਚੜ੍ਹ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਨੇੜਲੇ ਨਿਵਾਸੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਸਿਟੀ ਥਾਣਾ ਨੰਬਰ-1 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤਾ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਟਿੱਪਰ ਚਾਲਕ ਗੁਰਦੇਵ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਅਨੁਸਾਰ ਮੁਲਜ਼ਮ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪਰਿਵਾਰ ਦੇ ਅਨੁਸਾਰ ਪਰਿਵਾਰ ਰੱਖੜੀ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਸੀ ਪਰ ਖੁਸ਼ੀ ਸੋਗ ’ਚ ਬਦਲ ਗਈ, ਜਦੋਂ ਉਨ੍ਹਾਂ ਨੂੰ ਸਵੇਰੇ ਅਚਾਨਕ ਜਤਿੰਦਰ ਦੀ ਮੌਤ ਦੀ ਖ਼ਬਰ ਮਿਲੀ। ਖ਼ਬਰ ਮਿਲਦੇ ਹੀ ਰਾਜਸਥਾਨ ਤੋਂ ਉਸ ਦਾ ਪਰਿਵਾਰ ਅਬੋਹਰ ਪਹੁੰਚਿਆ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਪਰਿਵਾਰ ਨੂੰ ਛੱਡ ਗਿਆ ਹੈ।
