ਬੱਸ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ, 4 ਨੌਜਵਾਨ ਜ਼ਖ਼ਮੀ
Monday, Oct 14, 2024 - 11:22 AM (IST)
ਮੋਹਾਲੀ (ਸੰਦੀਪ) : ਵੇਰਕਾ ਚੌਂਕ ਨੇੜੇ ਦੇਰ ਰਾਤ ਕਰੀਬ 2.30 ਵਜੇ ਕਾਰ ਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ’ਚ ਕਾਰ ਸਵਾਰ ਚਾਰੇ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਆਕਾਸ਼, ਪ੍ਰਿਤਪਾਲ, ਅੰਮ੍ਰਿਤਪਾਲ, ਵਿੱਕੀ ਵਜੋਂ ਹੋਈ ਹੈ। ਪੁਲਸ ਨੇ ਹਾਦਸੇ ’ਚ ਨੁਕਸਾਨੀ ਗਈ ਕਾਰ ਤੇ ਬੱਸ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਖਰੜ ਤੋਂ ਮੋਹਾਲੀ ਫੇਜ਼-1 ਵੱਲ ਆ ਰਹੀ ਬੱਸ ਨੂੰ ਮੋੜਨ ਸਮੇਂ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਦੌਰਾਨ ਏਅਰਬੈਗ ਖੁੱਲ੍ਹਣ ਨਾਲ ਜਾਨੀ ਨੁਕਸਾਨ ਨਹੀਂ ਹੋਇਆ ਪਰ ਨੌਜਵਾਨਾਂ ਦੇ ਸੱਟਾਂ ਲੱਗੀਆਂ ਹਨ। ਫੇਜ਼-6 ਚੌਂਕੀ ਇੰਚਾਰਜ ਏ. ਐੱਸ. ਆਈ. ਤਰਸੇਮ ਸਿੰਘ ਅਨੁਸਾਰ ਹਾਦਸਾ ਰਾਤ 2.30 ਵਜੇ ਵਾਪਰਿਆ। ਟਾਟਾ ਸਫਾਰੀ ’ਚ ਚਾਰ ਨੌਜਵਾਨ ਸਵਾਰ ਸਨ। ਉਹ ਕਿਸੇ ਕੰਮ ਲਈ ਚੰਡੀਗੜ੍ਹ ਗਏ ਸਨ। ਉਹ ਰਾਤ ਨੂੰ ਚੰਡੀਗੜ੍ਹ ਤੋਂ ਖਰੜ ਜਾ ਰਹੇ ਸਨ।
ਦਿੱਲੀ ਨੰਬਰ ਦੀ ਪ੍ਰਾਈਵੇਟ ਬੱਸ ਦਿੱਲੀ ਤੋਂ ਆਈ ਤੇ ਵਾਪਸ ਜਾ ਰਹੀ ਸੀ। ਬੱਸ ਜਦੋਂ ਕਮਲਾ ਬਾਜ਼ਾਰ ਵੱਲ ਮੁੜਨ ਲੱਗੀ ਤਾਂ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਸ ਨੇ ਨੁਕਸਾਨੇ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਰਾਸਤਾ ਖੁਲ੍ਹਵਾਇਆ। ਪੁਲਸ ਦਾ ਕਹਿਣਾ ਹੈ ਕਿ ਹਾਲੇ ਤੱਕ ਜ਼ਖ਼ਮੀਆਂ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।