ਭੂਆ ਘਰ ਜਾ ਰਹੇ 3 ਮਾਸੂਮ ਭਰਾਵਾਂ ਨਾਲ ਵਾਪਰਿਆ ਹਾਦਸਾ, ਦੋ ਦੀ ਮੌਤ
Saturday, Nov 02, 2019 - 03:55 PM (IST)
ਲੁਧਿਆਣਾ (ਰਿਸ਼ੀ) : ਡਵੀਜ਼ਨ ਨੰ. 6 ਦੇ ਇਲਾਕੇ ਡਾਬਾ ਰੋਡ 'ਤੇ ਭੂਆ ਨੂੰ ਮਿਲਣ ਐਕਟਿਵਾ 'ਤੇ ਜਾ ਰਹੇ 3 ਭਰਾਵਾਂ ਦੀ ਓਵਰਸਪੀਡ ਐਕਟਿਵਾ ਬੇਕਾਬੂ ਹੋ ਕੇ ਸੜਕ 'ਤੇ ਡਿੱਗ ਗਈ, ਇਸ ਦੌਰਾਨ ਪਿੱਛੋਂ ਆ ਰਹੇ ਟਰੱਕ ਦੇ ਥੱਲੇ ਆਉਣ ਨਾਲ ਪਿੱਛੇ ਬੈਠੇ ਦੋਵੇਂ ਭਰਾਵਾਂ ਦੀ ਮੌਤ ਹੋ ਗਈ, ਜਦੋਂਕਿ ਐਕਟਿਵਾ ਚਲਾ ਰਿਹਾ ਤੀਜਾ ਭਰਾ ਵਾਲ-ਵਾਲ ਬਚ ਗਿਆ। ਪਤਾ ਲੱਗਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਚਾਲਕ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਲੱਕੀ (9), ਜਿਗਰ (8) ਨਿਵਾਸੀ ਘੋੜਾ ਕਾਲੋਨੀ ਅਤੇ ਤੀਜੇ ਭਰਾ ਦੀ ਪਛਾਣ ਰਾਜ (16) ਵਜੋਂ ਹੋਈ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿੰਨੇ ਗੁਰਪ੍ਰੀਤ ਨਗਰ ਸਥਿਤ ਆਪਣੀ ਭੂਆ ਦੇ ਘਰ ਸ਼ਾਮ 4 ਵਜੇ ਜਾ ਰਹੇ ਸਨ। ਜਦੋਂ ਉਹ ਸ਼ੇਰਪੁਰ ਚੌਕ ਤੋਂ ਡਾਬਾ ਰੋਡ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਐਕਟਿਵਾ ਦੀ ਸਪੀਡ ਜ਼ਿਆਦਾ ਸੀ। ਪਹਿਲਾਂ ਉਨ੍ਹਾਂ ਨੇ ਇਕ ਆਟੋ ਨੂੰ ਕ੍ਰਾਸ ਕੀਤਾ, ਜਿਸ ਤੋਂ ਬਾਅਦ ਟਰੱਕ ਨੂੰ ਕ੍ਰਾਸ ਕਰ ਰਹੇ ਸਨ ਤਾਂ ਉਸ ਸਮੇਂ ਐਕÎਟਿਵਾ ਬੇਕਾਬੂ ਹੋ ਗਈ ਅਤੇ ਸੜਕ 'ਤੇ ਡਿੱਗ ਗਈ। ਹਾਦਸੇ ਸਮੇਂ ਪਿੱਛੇ ਬੈਠੇ ਦੋਵੇਂ ਭਰਾ ਟਰੱਕ ਵੱਲ ਡਿੱਗ ਗਏ, ਜਿਸ ਕਾਰਣ ਟਰੱਕ ਦੇ ਪਿਛਲੇ ਟਾਇਰ ਦੇ ਥੱਲੇ ਦਰੜੇ ਗਏ ਅਤੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦੋਂਕਿ ਰਾਜ ਸੜਕ ਦੇ ਦੂਜੇ ਪਾਸੇ ਡਿੱਗਣ ਕਾਰਣ ਵਾਲ-ਵਾਲ ਬਚ ਗਿਆ।