ਬੇਸਹਾਰਾ ਗਾਂ ਨਾਲ ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ
Tuesday, Jul 24, 2018 - 12:10 AM (IST)
ਫਾਜ਼ਿਲਕਾ(ਲੀਲਾਧਰ, ਨਾਗਪਾਲ)–ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਮੰਡੀ ਲਾਧੂਕਾ ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਨੇਡ਼ੇ ਬੀਤੀ ਰਾਤ ਇਕ ਮੋਟਰਸਾਈਕਲ ਦੇ ਅੱਗੇ ਬੇਸਹਾਰਾ ਗਾਂ ਆ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਉਰਫ ਜੱਸਾ (26) ਪੁੱਤਰ ਜੀਤ ਸਿੰਘ ਜੋ ਕਿ ਪ੍ਰਾਈਵੇਟ ਤੌਰ ’ਤੇ ਬਿਜਲੀ ਦਾ ਕੰਮ ਕਰਦਾ ਸੀ, ਬੀਤੀ ਰਾਤ ਸਾਢੇ 9 ਵਜੇ ਆਪਣੇ ਮੋਟਰਸਾਈਕਲ ’ਤੇ ਫਾਜ਼ਿਲਕਾ ਤੋਂ ਵਾਪਸ ਆਪਣੇ ਪਿੰਡ ਤਰੋਬਡ਼ੀ ਆ ਰਿਹਾ ਸੀ ਕਿ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਮੰਡੀ ਲਾਧੂਕਾ ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਨੇਡ਼ੇ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਬੇਸਹਾਰਾ ਗਾਂ ਆ ਗਈ ਤੇ ਉਹ ਸਡ਼ਕ ’ਤੇ ਡਿੱਗ ਗਿਆ। ਸਿਰ ’ਤੇ ਸੱਟਾਂ ਲੱਗਣ ਕਾਰਨ ਉਸ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਅੱਜ ਸਿਵਲ ਹਸਪਤਾਲ ’ਚ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 2 ਬੱਚੇ ਛੱਡ ਗਿਆ ਹੈ।
