ਸਡ਼ਕ ਹਾਦਸਿਅਾਂ ’ਚ 2 ਦੀ ਮੌਤ, 2 ਜ਼ਖਮੀ
Tuesday, Jun 26, 2018 - 01:03 AM (IST)
ਅਬੋਹਰ(ਸੁਨੀਲ)– ਅਬੋਹਰ-ਸ਼੍ਰੀ ਗੰਗਾਨਗਰ ਕੌਮੀ ਮਾਰਗ ਨੰਬਰ 15 ’ਤੇ ਸਥਿਤ ਪਿੰਡ ਗਿਦਡ਼ਾਂਵਾਲੀ ਦੇ ਨੇਡ਼ੇ ਅੱਜ ਤਡ਼ਕੇ ਇਕ ਕੈਂਟਰ ਤੇ ਟਰੱਕ ਦੀ ਟੱਕਰ ’ਚ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕੈਂਟਰ ਡਰਾਈਵਰ ਤੇ ਕੰਡਕਟਰ ਜ਼ਖਮੀ ਹੋ ਗਏ। ਵਿਅਕਤੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਬਾਦਲ ਵਾਸੀ ਕ੍ਰਿਸ਼ਨ ਲਾਲ ਆਪਣੇ ਇਕ ਸਾਥੀ ਨਾਲ ਕੈਂਟਰ ’ਚ ਅਖਬਾਰ ਲੱਦ ਕੇ ਸ਼੍ਰੀ ਗੰਗਾਨਗਰ ਜਾ ਰਿਹਾ ਸੀ। ਜਦ ਉਹ ਉਪਮੰਡਲ ਦੀ ਉਪ ਤਹਿਸੀਲ ਖੁਈਆਂ ਸਰਵਰ ਦੇ ਨੇਡ਼ੇ ਪੁੱਜੇ ਤਾਂ ਸਡ਼ਕ ’ਤੇ ਖਡ਼੍ਹੇ ਮੌਜਗਡ਼੍ਹ ਵਾਸੀ ਅਤੇ ਚੌਕੀਦਾਰ ਦਾ ਕੰਮ ਕਰਨ ਵਾਲੇ ਹਰੀਰਾਮ ਪੁੱਤਰ ਗੋਬਿੰਦ ਰਾਮ ਨੇ ਉਨ੍ਹਾਂ ਤੋਂ ਲਿਫਟ ਮੰਗੀ। ਇਸ ਤੋਂ ਬਾਅਦ ਉਕਤ ਕੈਂਟਰ ਗੰਗਾਨਗਰ ਲਈ ਰਵਾਨਾ ਹੋ ਗਿਆ। ਜਦ ਉਨ੍ਹਾਂ ਦਾ ਕੈਂਟਰ ਗਿਦਡ਼ਾਂਵਾਲੀ ਦੇ ਨੇਡ਼ੇ ਪਹੁੰਚਿਆ ਤਾਂ ਉਲਟ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਉਨ੍ਹਾਂ ਦੇ ਕੈਂਟਰ ’ਚ ਟੱਕਰ ਮਾਰ ਦਿੱਤੀ, ਜਿਸ ਨਾਲ ਕੈਂਟਰ ਸਡ਼ਕ ਕੰਢੇ ਪਲਟ ਗਿਆ ਤੇ ਕੈਂਟਰ ਸਵਾਰ ਹਰੀਰਾਮ ਦੀ ਕੈਂਟਰ ਹੇਠਾਂ ਦੱਬਣ ਨਾਲ ਮੌਤ ਹੋ ਗਈ, ਜਦਕਿ ਕੈਂਟਰ ਚਾਲਕ ਕ੍ਰਿਸ਼ਨ ਤੇ ਉਸ ਦਾ ਸਾਥੀ ਜ਼ਖਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ 108 ਐਂਬੂਲੈਂਸ ਚਾਲਕਾਂ ਨੂੰ ਦਿੱਤੀ ਤੇ ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਮੱਖੂ ਵਿਖੇ ਟਰੱਕ ਯੂਨੀਅਨ ਦੇ ਲੋਡਿਡ ਟਰੱਕ ਹੇਠਾਂ ਆ ਜਾਣ ਕਾਰਨ ਇਕ ਬਿਰਧ ਅੌਰਤ ਦੀ ਮੌਤ ਹੋ ਗਈ। ਪਿੰਡ ਕੁਤਬਪੁਰ ਦੀ ਰਹਿਣ ਵਾਲੀ ਮ੍ਰਿਤਕ ਬਿਰਧ ਅੌਰਤ ਦਿਮਾਗੀ ਤੌਰ ’ਤੇ ਸਿੱਧ ਪੱਧਰੀ ਸੀ, ਜੋ ਕਿ ਮੱਖੂ ਦੇ ਬਾਜ਼ਾਰ ਤੇ ਗੁਰਦੁਆਰਾ ਬਾਬਾ ਬਾਠਾਂ ਵਾਲਾ ਵਿਖੇ ਅਕਸਰ ਹੀ ਆਉਂਦੀ-ਜਾਂਦੀ ਰਹਿੰਦੀ ਹੈ। ਪ੍ਰਤੱਖ ਦਰਸ਼ੀ ਦੁਕਾਨਦਾਰਾਂ ਤੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਰਣਜੀਤ ਚੌਕ ’ਚ ਅਚਾਨਕ ਸਡ਼ਕ ਪਾਰ ਕਰਦੀ ਹੋਈ ਸਪੈਸ਼ਲ ’ਤੇ ਲੱਗੇ ਇਕ ਟਰੱਕ ਦੀ ਲਪੇਟ ’ਚ ਆ ਗਈ। ਦੁਕਾਨਦਾਰਾਂ ਦੇ ਰੌਲਾ ਪਾਉਣ ’ਤੇ ਨਜ਼ਦੀਕ ਹੀ ਥਾਣੇ ’ਚੋਂ ਮੁਲਾਜ਼ਮ ਐੱਸ. ਐੱਚ. ਓ. ਪਰਸਨ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
