ਸੜਕ ਹਾਦਸੇ ''ਚ 2 ਦੀ ਮੌਤ, ਇਕ ਜ਼ਖਮੀ
Wednesday, Dec 20, 2017 - 01:53 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਬੇਰੀਵਾਲਾ ਪੁਲ ਦੇ ਨੇੜੇ ਬੀਤੀ ਸ਼ਾਮ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਟਿੰਕੂ (23) ਵਾਸੀ ਸਥਾਨਕ ਝੀਂਵਰਾਂ ਮੁਹੱਲਾ ਦੇ ਪਿਤਾ ਰਾਧੇ ਸ਼ਾਮ ਨੇ ਦੱਸਿਆ ਕਿ ਟਿੰਕੂ ਬੀਤੀ ਸ਼ਾਮ ਲਗਭਗ 4 ਵਜੇ ਆਪਣੀ ਕਾਰ 'ਚ ਪਰਿਵਾਰਕ ਮੈਂਬਰਾਂ ਨੂੰ ਬਾਰਡਰ 'ਤੇ ਰੀਟਰੀਟ ਸੈਰੇਮਨੀ ਵੇਖਣ ਸਬੰਧੀ ਛੱਡਣ ਲਈ ਗਿਆ ਸੀ। ਉਸਨੇ ਦੱਸਿਆ ਕਿ ਜਦੋਂ ਉਹ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਵਾਪਸ ਸ਼ਹਿਰ ਵੱਲ ਆ ਰਿਹਾ ਸੀ ਤਾਂ ਰਸਤੇ ਵਿਚ ਸਰਹੱਦੀ ਬੇਰੀਵਾਲਾ ਪੁਲ ਦੇ ਨੇੜੇ ਉਸਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ ਕਾਰ ਚਲਾ ਰਿਹਾ ਟਿੰਕੂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਦੋਂ ਉਸਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਥਾਣਾ ਸਦਰ ਪੁਲਸ ਨੇ ਮ੍ਰਿਤਕ ਟਿੰਕੂ ਦੇ ਪਿਤਾ ਰਾਧੇ ਸ਼ਾਮ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ। ਇਸੇ ਤਰ੍ਹਾਂ ਪਿੰਡ ਟਾਹਲੀਵਾਲਾ ਬੋਦਲਾ ਦੇ ਨੇੜੇ ਸਾਈਕਲ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋਣ ਸਬੰਧੀ ਮੋਟਰਸਾਈਕਲ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਗੁਰਮੀਤ ਸਿੰਘ ਵਾਸੀ ਪਿੰਡ ਟਾਹਲੀਵਾਲਾ ਬੋਦਲਾ ਨੇ ਦੱਸਿਆ ਕਿ 17 ਦਸੰਬਰ ਸ਼ਾਮ ਨੂੰ ਲਗਭਗ 7 ਵਜੇ ਸੁਭਾਸ਼ ਸਿੰਘ ਵਾਸੀ ਪਿੰਡ ਸਜਰਾਣਾ ਜੋ ਬੜੀ ਲਾਪ੍ਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਆ ਰਿਹਾ ਸੀ, ਨੇ ਉਸਦੇ ਪਿਤਾ ਅਮਰ ਸਿੰਘ ਦੇ ਸਾਈਕਲ ਵਿਚ ਮੋਟਰਸਾਈਕਲ ਮਾਰ ਦਿੱਤਾ। ਜਿਸ ਕਾਰਨ ਅਮਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਕੂਟਰੀ ਤੇ ਟਰੱਕ ਵਿਚਕਾਰ ਹੋਏ ਹਾਦਸੇ ਦੌਰਾਨ ਇਕ ਔਰਤ ਦੇ ਜ਼ਖਮੀ ਹੋ ਜਾਣ ਦੇ ਮਾਮਲੇ ਵਿਚ ਥਾਣਾ ਘੱਲ ਖੁਰਦ ਦੀ ਪੁਲਸ ਨੇ ਟਰੱਕ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਕੂਟਰੀ ਚਾਲਕ ਨਰਿੰਦਰ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਤਲਵੰਡੀ ਭਾਈ ਨੇ ਦੋਸ਼ ਲਾਇਆ ਕਿ ਜਦ ਉਹ ਆਪਣੀ ਮਾਤਾ ਨਾਲ ਸਕੂਟਰੀ 'ਤੇ ਘਰੇਲੂ ਸਾਮਾਨ ਲੈਣ ਲਈ ਜਾ ਰਿਹਾ ਸੀ ਤਾਂ ਸਤਪਾਲ ਸਿੰਘ ਨੇ ਆਪਣਾ ਟਰੱਕ ਉਸਦੀ ਸਕੂਟਰੀ ਵਿਚ ਮਾਰਿਆ ਤੇ ਇਸ ਹਾਦਸੇ ਵਿਚ ਉਸਦੀ ਮਾਤਾ ਜ਼ਖਮੀ ਹੋ ਗਈ।