ਭਿਆਨਕ ਹਾਦਸੇ ਤੋਂ ਬਾਅਦ ਸੜਕ ’ਤੇ ਤੜਫ ਰਹੇ ਨੌਜਵਾਨਾਂ ਲਈ ਰੱਬ ਬਣ ਬਹੁੜਿਆ ਪੰਜਾਬ ਪੁਲਸ ਦਾ ਇੰਸਪੈਕਟਰ

Monday, Oct 03, 2022 - 04:54 PM (IST)

ਭਿਆਨਕ ਹਾਦਸੇ ਤੋਂ ਬਾਅਦ ਸੜਕ ’ਤੇ ਤੜਫ ਰਹੇ ਨੌਜਵਾਨਾਂ ਲਈ ਰੱਬ ਬਣ ਬਹੁੜਿਆ ਪੰਜਾਬ ਪੁਲਸ ਦਾ ਇੰਸਪੈਕਟਰ

ਬਨੂੜ (ਗੁਰਪਾਲ) : ਬਨੂੜ ਸ਼ਹਿਰ ਦੀ ਹਦੂਦ ਵਿਚੋਂ ਗੁਜ਼ਰਦੇ ਕੌਮੀ ਮਾਰਗ ’ਤੇ ਉਸਾਰੇ ਗਏ ਓਵਰਬਰਿੱਜ ’ਤੇ ਇਕ ਤੇਜ਼ ਰਫਤਾਰ ਇੰਡੈਵਰ ਕਾਰ ਡਿਵਾਈਡਰ ਅਤੇ ਟਰਾਲੀ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ’ਚ ਕਾਰ ਸਵਾਰ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬਨੂੜ ਬੈਰੀਅਰ ਨੇੜੇ ਬਣੇ ਹਾਊਸਫੈੱਡ ਦੇ ਫਲੈਟਾਂ ਵਿਚ ਰਹਿਣ ਵਾਲੇ ਯਸ਼ ਕੁਮਾਰ ਵਾਸੀ ਹਰਿਦੁਆਰ ਤੇ ਯੋਗਰਾਜ ਵਾਸੀ ਪਟਿਆਲਾ ਜੋ ਕਿ ਚਿਤਕਾਰਾ ਯੂਨੀਵਰਸਿਟੀ ਵਿਚ ਐੱਮ. ਬੀ. ਏ. ਦੇ ਵਿਦਿਆਰਥੀ ਹਨ। ਆਪਣੀ ਇੰਡੈਵਰ ਕਾਰ ਵਿਚ ਸਵਾਰ ਹੋ ਕੇ ਜਦੋਂ ਬਨੂੜ ਸ਼ਹਿਰ ਵਿਚੋਂ ਗੁਜ਼ਰਦੇ ਕੌਮੀ ਮਾਰਗ ’ਤੇ ਬਣੇ ਓਵਰ ਬਰਿੱਜ ’ਤੇ ਜਾ ਰਹੇ ਸਨ ਤਾਂ ਅਚਾਨਕ ਕਾਰ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਅਤੇ ਕਾਰ ਮਾਰਗ ਦੇ ਵਿਚਾਲੇ ਬਣੇ ਡਿਵਾਈਡਰ ਨਾਲ ਟਕਰਾਉਣ ਪਿੱਛੋਂ ਅੱਗੇ ਜਾ ਰਹੇ ਟਰੈਕਟਰ ਟਰਾਲੀ ਨਾਲ ਟਕਰਾ ਕੇ ਕਈ ਪਲਟੀਆਂ ਖਾਂਦੀ ਹੋਈ ਓਵਰਬਰਿੱਜ ’ਤੇ ਪਲਟ ਗਈ। 

ਇਹ ਵੀ ਪੜ੍ਹੋ : ਗੁਰਦਾਸਪੁਰ ਦੀ ਬੇਹੱਦ ਹੈਰਾਨ ਕਰਨ ਵਾਲੀ ਘਟਨਾ, ਥਾਣੇ ’ਚੋਂ SLR ਖੋਹ ਕੇ ਫੇਸਬੁੱਕ ’ਤੇ ਲਾਈਵ ਹੋਇਆ ਸ਼ਖਸ

ਇਸ ਹਾਦਸੇ ਵਿਚ ਕਾਰ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਰਾਹਗੀਰਾਂ ਵਲੋਂ ਟੋਲ ਪਲਾਜ਼ੇ ਦੇ ਹੈਲਪਲਾਈਨ ਨੰਬਰ ’ਤੇ ਐਂਬੂਲੈਂਸ ਨੂੰ ਫੋਨ ਕੀਤਾ ਪਰ ਜਦੋਂ ਕੁੱਝ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਨਾ ਪਹੁੰਚੀ ਤਾਂ ਉਥੋਂ ਕੌਮੀ ਮਾਰਗ ’ਤੇ ਆਪਣੀ ਕਾਰ ਰਾਹੀਂ ਗੁਜ਼ਰ ਰਹੇ ਪੰਜਾਬ ਪੁਲਸ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਜ਼ਖਮੀ ਨੌਜਵਾਨਾਂ ਨੂੰ ਆਪਣੀ ਕਾਰ ਵਿਚ ਬਿਠਾ ਕੇ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ। ਇਸ ਹਾਦਸੇ ਵਿਚ ਇੰਡੈਵਰ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇੰਡੈਵਰ ਕਾਰ ਜਦੋਂ ਟਰੈਕਟਰ ਟਰਾਲੀ ਨਾਲ ਟਕਰਾਈ ਤਾਂ ਕਾਰ ਦੀ ਇਕ ਤਾਕੀ ਟਰਾਲੀ ਨਾਲ ਲਟਕੀ ਰਹਿ ਗਈ। ਇਸ ਹਾਦਸੇ ਉਪਰੰਤ ਓਵਰਬਰਿੱਜ ਤੇ ਆਵਾਜਾਈ ਠੱਪ ਹੋ ਗਈ, ਜਿਸ ਨੂੰ ਟ੍ਰੈਫਿਕ ਪੁਲਸ ਬਨੂੜ ਵਲੋਂ ਬਹਾਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਹ ਹਾਦਸਾ ਬਹੁਤ ਹੀ ਭਿਆਨਕ ਸੀ ਤੇ ਜੇਕਰ ਕਾਰ ਓਵਰਬਰਿੱਜ ਤੋਂ ਨੀਚੇ ਡਿੱਗ ਜਾਂਦੀ ਤਾਂ ਵੱਡਾ ਜਾਨੀ ਨੁਕਸਾਨ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ : ਚਾਵਾਂ ਨਾਲ ਕੈਨੇਡਾ ਭੇਜੀ ਪਤਨੀ ਨੇ PR ਮਿਲਦਿਆਂ ਹੀ ਵਿਖਾਏ ਅਸਲ ਰੰਗ, ਪਰਿਵਾਰ ਨਾਲ ਹੋ ਗਈ ਜੱਗੋ ਤੇਰ੍ਹਵੀਂ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News