ਦੋਸਤ ਦਾ ਜਨਮ ਦਿਨ ਮਨਾ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਦੋ ਭਰਾਵਾਂ ਸਣੇ 4 ਦੀ ਮੌਤ
Friday, Feb 24, 2023 - 12:21 AM (IST)
ਰਾਜਪੁਰਾ (ਜ. ਬ.)-ਬੀਤੀ ਰਾਤ ਤਕਰੀਬਨ ਸਾਢੇ 11 ਵਜੇ ਸਰਹਿੰਦ-ਰਾਜਪੁਰਾ ਨੈਸ਼ਨਲ ਹਾਈਵੇ ’ਤੇ ਰਾਧਾ ਸੁਆਮੀ ਸਤਿਸੰਗ ਭਵਨ ਦੇ ਸਾਹਮਣੇ ਖੜ੍ਹੇ ਇਕ ਟਰੱਕ ਨਾਲ ਕਾਰ ਦੀ ਟੱਕਰ ਹੋ ਜਾਣ ’ਤੇ ਰਾਜਪੁਰਾ ਵਾਸੀ ਦੋ ਭਰਾਵਾਂ ਸਣੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦੋਸਤ ਦੋ ਕਾਰਾਂ ’ਚ ਸਵਾਰ ਹੋ ਕੇ ਰਾਜਪੁਰਾ-ਸਰਹਿੰਦ ਰੋਡ ’ਤੇ ਸਰਾਏ ਬੰਜਾਰਾ ’ਚ ਸਥਿਤ ਇਕ ਹੋਟਲ ’ਚ ਦੋਸਤ ਦੇ ਜਨਮ ਦਿਨ ਦੀ ਪਾਰਟੀ ਕਰਕੇ ਵਾਪਸ ਘਰ ਪਰਤ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਘਾਟਾ, ਚੱਲਦੇ ਟੂਰਨਾਮੈਂਟ ਦੌਰਾਨ ਮਸ਼ਹੂਰ ਖਿਡਾਰੀ ਦੀ ਮੌਤ
ਕਰਨ ਵੋਹਰਾ ਤੇ ਜਸਬੀਰ ਸਿੰਘ ਵਾਸੀ ਪੁਰਾਣਾ ਰਾਜਪੁਰਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਕਮਲਜੀਤ ਸਿੰਘ ਵਾਸੀ ਪੁਰਾਣਾ ਰਾਜਪੁਰਾ, ਰਵਿੰਦਰ ਸਿੰਘ ਉਰਫ਼ ਰਿਸ਼ੂ ਗੁਰਜਿੰਦਰ ਸਿੰਘ (ਦੋਵੇਂ ਭਰਾ) ਵਾਸੀ ਲੋਹਾਰਾਂ ਵਾਲਾ ਮੁਹੱਲਾ ਪੁਰਾਣਾ ਰਾਜਪੁਰਾ, ਗੁਰਵਿੰਦਰ ਸਿੰਘ, ਅਵਿਨਾਸ਼ ਸਿੰਘ, ਨਾਨਕ ਸਿੰਘ ਵਾਸੀ ਗੁਰੂ ਨਾਨਕ ਨਗਰ ਨਲਾਸ ਰੋਡ ਹੌਂਡਾ ਸਿਟੀ ਕਾਰ ’ਚ ਸਵਾਰ ਹੋ ਕੇ ਗੁਰਵਿੰਦਰ ਸਿੰਘ ਦੇ ਜਨਮ ਦਿਨ ’ਤੇ ਪਾਰਟੀ ਕਰ ਕੇ ਸਰਾਏ ਬੰਜਾਰਾ ’ਚ ਸਥਿਤ ਹਵੇਲੀ ’ਚ ਗਏ ਸਨ। ਕਰਨ ਵੋਹਰਾ (ਮੁੱਦਈ) ਜਸਵੀਰ ਸਿੰਘ ਹੋਰ ਕਾਰ ’ਚ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ।
ਇਹ ਵੀ ਪੜ੍ਹੋ : ਕੇਂਦਰ ਪੰਜਾਬ ’ਚ ਲਾਵੇ ਰਾਸ਼ਟਰਪਤੀ ਰਾਜ : ਕੈਪਟਨ ਅਮਰਿੰਦਰ ਸਿੰਘ
ਜਦੋਂ ਅੱਗੇ ਵਾਲੀ ਕਾਰ ਰਾਜਪੁਰਾ ਦੇ ਨੇੜੇ ਰਾਧਾ ਸੁਆਮੀ ਸਤਿਸੰਗ ਭਵਨ ਦੇ ਸਾਹਮਣੇ ਪਹੁੰਚੀ ਤਾਂ ਉਥੇ ਬਿਨਾਂ ਰਿਫਲੈਕਟਰ ਦੇ ਇਕ ਟਰੱਕ ਖੜ੍ਹਾ ਸੀ। ਹੌਂਡਾ ਸਿਟੀ ਕਾਰ ਟਰੱਕ ਦੇ ਹੇਠਾਂ ਆ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ’ਚ ਸਵਾਰ ਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਕਮਲਜੀਤ ਸਿੰਘ, ਗੁਰਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਨਾਨਕ ਸਿੰਘ, ਅਵਿਨਾਸ਼ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਜਪੁਰਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ। ਪੁਲਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।