ਝਬਾਲ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਵਿਅਕਤੀਆਂ ਦੀ ਮੌਤ

Saturday, Apr 08, 2023 - 04:19 PM (IST)

ਝਬਾਲ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਵਿਅਕਤੀਆਂ ਦੀ ਮੌਤ

ਝਬਾਲ (ਨਰਿੰਦਰ) : ਬੀਤੀ ਰਾਤ ਝਬਾਲ ਤੋਂ ਥੋੜ੍ਹੀ ਦੂਰ ਅੱਡਾ ਛਿਛਰੇਵਾਲ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਹਾਲਤ ਵਿਚ ਜੇਰੇ ਇਲਾਜ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਕੌਮ ਸਾਂਸੀ ਪਿੰਡ ਫਤਹਿਪੁਰ ਨਵਾਂ ਪਿੰਡ ਵਲਟੋਹਾ ਮੋਟਰਸਾਈਕਲ ਨੰਬਰ ਡੀ ਐਕਸ ਪੀ ਬੀ 39 9458 ਤੇ ਝਬਾਲ ਵੱਲੋਂ ਭਿੱਖੀਵਿੰਡ ਨੂੰ ਜਾ ਰਿਹਾ ਸੀ ਤਾਂ ਅੱਗੋਂ ਭਿੱਖੀਵਿੰਡ ਸਾਈਡ ਤੋਂ ਝਬਾਲ ਨੂੰ ਪ੍ਰਦੀਪ ਸਿੰਘ ਦੀਪੂ ਪੁੱਤਰ ਸੁਖਦੇਵ ਸਿੰਘ ਸੁੱਖਾ ਵਾਸੀ ਗੋਸਾਬਾਦ ਥਾਣਾ ਕੰਬੋ ਜ਼ਿਲ੍ਹਾ ਅੰਮ੍ਰਿਤਸਰ ਉਮਰ 22-23 ਸਾਲ ਤੇ ਉਸਦਾ ਸਾਥੀ ਮੋਟਰਸਾਈਕਲ ਪੀ ਬੀ 02 7466 ’ਤੇ ਆ ਰਹੇ ਸਨ ਕਿ ਨਜ਼ਦੀਕ ਪਿੰਡ ਛਿਛਰੇਵਾਲ ਥਾਣਾ ਝਬਾਲ ਭਿੱਖੀਵਿੰਡ ਰੋਡ ’ਤੇ ਰਾਤ ਦੇ ਹਨ੍ਹੇਰੇ ਵਿਚ ਆਪਸ ਵਿਚ ਇੰਨੀ ਜ਼ੋਰ ਦੀ ਟਕਰਾਏ ਕਿ ਤਿੰਨੇ ਜ਼ਿਆਦਾ ਸੱਟਾਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ।

ਇਸ ਦੌਰਾਨ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਕੁਲਦੀਪ ਸਿੰਘ ਅਤੇ ਪ੍ਰਦੀਪ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ ਜਦਕਿ ਹਰਜੀਤ ਸਿੰਘ ਪੁੱਤਰ ਰੂੜ ਸਿੰਘ ਜੋ ਕਿ ਜ਼ਖਮੀ ਹੈ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਪਤਾ ਚੱਲਦਿਆਂ ਥਾਣਾ ਮੁਖੀ ਕੇਵਲ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਕੇਵਲ ਸਿੰਘ ਅਨੁਸਾਰ ਪੁਲਸ ਵੱਲੋਂ ਕੇਸ ਦਰਜ ਕਰਕੇ ਲਾਸ਼ਾਂ ਦਾ ਪੋਸਟਰ ਮਾਰਟਮ ਕਰਵਾਇਆ ਜਾ ਰਿਹਾ ਹੈ।


author

Gurminder Singh

Content Editor

Related News