ਸਰਕਾਰੀਆ ਬੋਲੇ- 'ਸਿੱਧੂ ਵਲੋਂ ਲਿਆਂਦੀ ਮਾਈਨਿੰਗ ਪਾਲਿਸੀ ਫਜ਼ੂਲ'

02/27/2020 9:00:50 AM

ਜਲੰਧਰ/ਚੰਡੀਗੜ੍ਹ, (ਨਰਿੰਦਰ ਮੋਹਨ)— ਵਿਧਾਨ ਸਭਾ ਵਿਚ ਸਾਬਕਾ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਗੈਰ-ਹਾਜ਼ਰੀ ਵਿਚ ਸੱਤਾ ਧਿਰ ਕਾਂਗਰਸ ਸਮੇਤ ਵਿਰੋਧੀ ਧਿਰ ਨੇ ਚੁਣ-ਚੁਣ ਕੇ ਸਿੱਧੂ 'ਤੇ ਤਿੱਖੇ ਵਾਰ ਕੀਤੇ। ਹੈਰਾਨੀ ਤਾਂ ਉਦੋਂ ਹੋ ਗਈ ਜਦੋਂ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਮਾਈਨਿੰਗ ਪਾਲਿਸੀ ਦੀ ਗੱਲ ਕਰਦੇ ਹੋਏ ਸਿੱਧੂ ਵਲੋਂ ਲਿਆਂਦੀ ਗਈ ਮਾਈਨਿੰਗ ਪਾਲਿਸੀ ਨੂੰ ਫਜ਼ੂਲ ਕਿਹਾ। ਉੱਥੇ ਹੀ, ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਸਿੱਧੂ ਵਲੋਂ ਲਿਆਂਦੀ ਤੇਲੰਗਾਨਾ ਮਾਈਨਿੰਗ ਪਾਲਿਸੀ ਸਦਨ ਵਿਚ ਰੱਖਣ ਦੀ ਗੱਲ ਕਹੀ।

ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ 'ਤੇ ਟਿੱਪਣੀ ਕੀਤੀ ਤੇ ਦੁਸਹਿਰੇ ਮੌਕੇ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ਸਬੰਧੀ ਸਵਾਲ ਕੀਤਾ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡੇਢ ਸਾਲ ਪਹਿਲਾਂ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਰੇਲਗੱਡੀ ਹੇਠਾਂ ਆ ਕੇ ਮਰੇ ਲੋਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਅਜੇ ਤੱਕ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ, ਜਿਸ ਬਾਰੇ ਸਰਕਾਰ ਨੇ ਵਾਅਦਾ ਕੀਤਾ ਸੀ।

 

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪ੍ਰਸ਼ਨਕਾਲ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਜਲ ਸ੍ਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਮਾਈਨਿੰਗ ਪਾਲਿਸੀ ਦੀ ਗੱਲ ਕਰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਤੇਲੰਗਾਨਾ ਮਾਈਨਿੰਗ ਪਾਲਿਸੀ ਲਿਆਏ ਸਨ, ਉਹ ਫਜ਼ੂਲ ਸੀ। ਉਸ ਦੀ ਸਮੀਖਿਆ ਕੀਤੀ ਗਈ ਸੀ ਪਰ ਜਿਵੇਂ ਕਿ ਸਿੱਧੂ ਨੇ ਦਾਅਵੇ ਕੀਤੇ ਸਨ, ਅਜਿਹਾ ਉਸ ਵਿਚ ਕੁੱਝ ਵੀ ਨਜ਼ਰ ਨਹੀਂ ਆਇਆ।

'ਆਪ' ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ 3 ਸਾਲ ਹੋ ਗਏ ਹਨ ਪਰ ਮਾਈਨਿੰਗ ਨੂੰ ਲੈ ਕੇ ਹਾਲਾਤ ਅਜੇ ਵੀ ਪਹਿਲਾਂ ਵਰਗੇ ਹਨ। ਉਨ੍ਹਾਂ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਮਾਈਨਿੰਗ ਦੇ ਮੁੱਦੇ 'ਤੇ ਸੱਤਾ ਧਿਰ ਕਾਂਗਰਸ ਦੇ ਹੀ ਵਿਧਾਇਕ ਨੂੰ ਆਪਣੀ ਗੱਲ ਮਨਵਾਉਣ ਲਈ ਕੁਰਬਾਨੀ ਦੇਣ ਦੀ ਗੱਲ ਸਦਨ ਵਿਚ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਅਤੇ ਮਾਈਨਿੰਗ ਜ਼ਰੀਏ ਸੂਬੇ ਦੀ ਆਮਦਨ ਵਿਚ ਵਾਧੇ ਲਈ ਇਕ ਕਮੇਟੀ ਬਣਾਈ ਸੀ, ਜਿਸ ਵਿਚ ਸਾਲਾਨਾ 4 ਹਜ਼ਾਰ ਕਰੋੜ ਰੁਪਏ ਦੀ ਆਮਦਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਉਸ ਰਿਪੋਰਟ ਨੂੰ ਸਦਨ ਵਿਚ ਕਿਉਂ ਪੇਸ਼ ਨਹੀਂ ਕੀਤਾ ਜਾ ਰਿਹਾ। ਇਸ 'ਤੇ ਸਰਕਾਰੀਆ ਨੇ ਕਿਹਾ ਕਿ ਜਦੋਂ ਇਹ ਕਮੇਟੀ ਬਣੀ ਸੀ, ਉਦੋਂ ਵਿਭਾਗ ਉਨ੍ਹਾਂ ਕੋਲ ਨਹੀਂ ਸੀ। ਜਦਕਿ ਇਸ ਕਮੇਟੀ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਲ ਸਨ।

 


Related News