ਹੁਣ ਅਮਰੀਕਾ ''ਚ ਬਣੇਗਾ ਵਿਸ਼ਵ ਦਾ ਵੱਡਾ ਅਕਸ਼ਰ ਧਾਮ

Wednesday, Sep 25, 2019 - 11:59 AM (IST)

ਹੁਣ ਅਮਰੀਕਾ ''ਚ ਬਣੇਗਾ ਵਿਸ਼ਵ ਦਾ ਵੱਡਾ ਅਕਸ਼ਰ ਧਾਮ

ਅਬੋਹਰ (ਸੁਨੀਲ) - ਗਾਂਧੀ ਨਗਰ ਅਤੇ ਦਿੱਲੀ ਤੋਂ ਬਾਅਦ ਹੁਣ ਬੀ. ਏ. ਪੀ. ਐੱਸ. ਸਵਾਮੀ ਨਾਰਾਇਣ ਸੰਸਥਾ ਵਲੋਂ ਅਮਰੀਕਾ ਦੇ ਨਿਊਜਰਸੀ ਖੇਤਰ 'ਚ ਵੱਡੇ ਅਕਸ਼ਰ ਧਾਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਥੇ 7 ਮੰਦਰਾਂ ਦਾ ਵੀ ਨਿਰਮਾਣ ਹੋ ਰਿਹਾ ਹੈ ਤਾਂ ਕਿ ਹਿੰਦੂ ਸਮਾਜ ਆਪਣੀ ਆਸਥਾ ਅਨੁਸਾਰ ਪੂਜਾ ਕਰ ਸਕੇ। ਅਕਸ਼ਰ ਧਾਮ ਦਿੱਲੀ ਦੇ ਗਿਆਨ ਮੁੰਨੀ ਸਵਾਮੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੀ ਵਾਰ ਨਿਊਜਰਸੀ ਤੋਂ ਉਥੋਂ ਦੇ ਰਾਜਪਾਲ ਫਿਲ ਮਰਫੀ ਦੀ ਅਗਵਾਈ ਹੇਠ ਪਤਵੰਤੇ ਵਿਅਕਤੀਆਂ ਦਾ ਵਫਦ ਭਾਰਤ 'ਚ ਸਨਾਤਨ ਸੰਸਕ੍ਰਿਤੀ ਅਕਸ਼ਰ ਧਾਮ ਨੂੰ ਦੇਖਣ ਆਇਆ। ਰਾਜਪਾਲ ਦੇ ਨਾਲ ਉਨ੍ਹਾਂ ਦੀ ਪਤਨੀ ਟੇਮੀ ਮਰਫੀ, ਰਾਜ ਵਿਧਾਨ ਸਭਾ ਮੈਂਬਰ ਰਾਜ ਮੁਖਰਜੀ, ਸਿਨੇਟਰ ਵਿਨ ਗੋਪਾਲ, ਸੈਮ ਥਾਮਪਸਨ, 5 ਯੂਨੀਵਰਸਿਟੀਆਂ ਅਤੇ ਵਪਾਰਕ ਅਤੇ ਸਮਾਜਕ ਸੰਗਠਨਾਂ ਦੇ ਸੀਨੀਅਰ ਅਹੁਦੇਦਾਰ ਇਸ ਵਫਦ 'ਚ ਸ਼ਾਮਲ ਹਨ।

PunjabKesari
ਨਿਊਜਰਸੀ ਤੋਂ ਆਏ ਵਫਦ ਦੇ ਮੈਂਬਰ ਅਕਸ਼ਰ ਧਾਮ ਨੂੰ ਦੇਖ ਕੇ ਬੜੇ ਹੈਰਾਨ ਹੋਏ। ਉਨ੍ਹਾਂ ਅਕਸ਼ਰ ਧਾਮ ਮੰਦਰ ਚ ਨੀਲਕੰਠਵਰਣੀ ਦੇ ਬੁੱਤ 'ਤੇ 151 ਪਵਿੱਤਰ ਥਾਵਾਂ ਤੋਂ ਲਿਆਂਦੇ ਗਏ ਜਲ ਨੂੰ ਚੜ੍ਹਾਇਆ। ਰਾਜਪਾਲ ਮਰਫੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਨਿਊਜਰਸੀ ਅਤੇ ਭਾਰਤ ਵਿਚਾਲੇ ਸਾਲਾਂ ਤੋਂ ਚਲੀ ਆ ਰਹੀ ਇਤਿਹਾਸਕ ਮਿਤਰਤਾ 'ਚ ਨਵੇਂ ਮੀਲ ਪੱਥਰ ਸਥਾਪਤ ਹੋਣਗੇ। ਨਿਊਜਰਸੀ 'ਚ ਅਕਸ਼ਰ ਧਾਮ ਅਤੇ ਮੰਦਰਾਂ ਦੀ ਸਥਾਪਨਾ ਨਾਲ ਉਥੇ ਰਹਿ ਰਹੇ ਪਰਿਵਾਰਾਂ ਨੂੰ ਸਾਕਾਰਾਤਮਕ ਚਿੰਤਨ ਮਿਲੇਗਾ। ਉਨ੍ਹਾਂ ਯਾਦ ਕੀਤਾ ਕਿ 2017 'ਚ ਰੋਬਿਨਜ਼ਵਿਲ 'ਚ ਉਨ੍ਹਾਂ ਨੂੰ ਸੰਸਥਾ ਦੇ ਵਰਤਮਾਨ ਅਧਿਆਤਮਕ ਮੁਖੀ ਮਹੰਤ ਸਵਾਮੀ ਜੀ ਮਹਾਰਾਜ ਨਾਲ ਮੁਲਾਕਾਤ ਦਾ ਮੌਕਾ ਪ੍ਰਾਪਤ ਹੋਇਆ ਸੀ ਅਤੇ ਅਗਲੇ ਸਾਲ ਜਦ ਸਵਾਮੀ ਜੀ ਦੋਬਾਰਾ ਉਥੇ ਆਉਣਗੇ, ਤਦ ਵੀ ਉਨ੍ਹਾਂ ਦੇ ਦਰਸ਼ਨ ਹੋਣਗੇ।

ਵਰਣਨਯੋਗ ਹੈ ਕਿ ਗਾਂਧੀ ਨਗਰ 'ਚ 50 ਏਕੜ ਅਤੇ ਨੋਇਡਾਮੋਡ 'ਤੇ ਯਮੁਨਾ ਕੰਢੇ ਦਿੱਲੀ 'ਚ 100 ਏਕੜ ਖੇਤਰ 'ਚ ਅਕਸ਼ਰ ਧਾਮ ਦਾ ਨਿਰਮਾਣ ਹੋਇਆ, ਜਦਕਿ ਨਿਊਜਰਸੀ 'ਚ 200 ਏਕੜ ਜ਼ਮੀਨ 'ਚ ਇਸ ਦੇ ਨਿਰਮਾਣ ਦੀ ਆਧਾਰਸ਼ਿਲਾ ਸੰਤ ਪ੍ਰਮੁੱਖ ਸਵਾਮੀ ਜੀ ਮਹਾਰਾਜ ਨੇ ਰਖੀ ਸੀ।


author

rajwinder kaur

Content Editor

Related News