6 ਮਹੀਨੇ ਬਾਅਦ ਆਸਮਾਨ ’ਚ ਅਭਿਨੰਦਨ, IAF ਨਾਲ ਮਿਗ-21 ’ਚ ਭਰੀ ਉਡਾਣ

Monday, Sep 02, 2019 - 02:24 PM (IST)

6 ਮਹੀਨੇ ਬਾਅਦ ਆਸਮਾਨ ’ਚ ਅਭਿਨੰਦਨ, IAF ਨਾਲ ਮਿਗ-21 ’ਚ ਭਰੀ ਉਡਾਣ

ਨਵੀਂ ਦਿੱਲੀ— ਹਵਾਈ ਫੌਜ ਦੇ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਅਤੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਅੱਜ ਯਾਨੀ ਸੋਮਵਾਰ ਨੂੰ ਪਠਾਨਕੋਟ ਏਅਰਬੇਸ ਤੋਂ ਮਿਗ-21 ਲੜਾਕੂ ਜਹਾਜ਼ ਉਡਾਇਆ। ਇਸ ਦੌਰਾਨ ਅਭਿਨੰਦਨ ਨਵੇਂ ਲੁੱਕ ਅਤੇ ਨਵੇਂ ਜੋਸ਼ ’ਚ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਇਸ ਸਾਲ 27 ਫਰਵਰੀ ਨੂੰ ਅਭਿਨੰਦਨ ਨੇ ਪਾਕਿਸਤਾਨੀ ਜਹਾਜ਼ਾਂ ਨੂੰ ਮਿਗ-21 ਨਾਲ ਮਾਰ ਸੁੱਟਿਆ ਸੀ। ਦੋਵੇਂ ਮਿਗ-21 ’ਚ ਥੋੜ੍ਹੀ ਦੂਰ ਉੱਡੇ। ਹਵਾਈ ਫੌਜ ਮੁਖੀ ਵੀ ਮਿਗ-21 ਦੇ ਪਾਇਲਟ ਹਨ। ਉਨ੍ਹਾਂ ਨੇ ਕਾਰਗਿਲ ਯੁੱਧ ਦੇ ਸਮੇਂ 17 ਸਕੁਐਰਡਨ ਦੀ ਕਮਾਨ ਸੰਭਾਲਦੇ ਹੋਏ ਜਹਾਜ਼ ਉਡਾਇਆ ਸੀ। ਬਾਲਾਕੋਟ ਏਅਰ ਸਟਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਇਕ ਵੱਡਾ ਚਿਹਰਾ ਬਣੇ ਸਨ। ਅਭਿਨੰਦਨ ਦੇ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਦੇ ਮੁੜ ਜਹਾਜ਼ ਉਡਾਉਣ ’ਤੇ ਸਸਪੈਂਸ ਬਣ ਗਿਆ ਸੀ। ਹਾਲਾਂਕਿ ਉਦੋਂ ਏਅਰਫੋਰਸ ਚੀਫ ਧਨੋਆ ਨੇ ਸਾਫ਼ ਕੀਤਾ ਸੀ ਕਿ ਮੈਡੀਕਲ ਫਿਟਨੈੱਸ ਤੋਂ ਬਾਅਦ ਅਭਿਨੰਦਨ ਮੁੜ ਜਹਾਜ਼ ਉਡਾਣਗੇ। ਪਿਛਲੇ ਮਹੀਨੇ ਆਈ.ਏ.ਐੱਫ. ਬੈਂਗਲੁਰੂ ਦੇ ਇੰਸਟੀਚਿਊਟ ਆਪ ਏਰੋਸਪੇਸ ਮੈਡੀਸੀਨ ਨੇ ਅਭਿਨੰਦਨ ਵਰਤਮਾਨ ਨੂੰ ਮੁੜ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਮਨਜ਼ੂਰੀ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਉਹ ਇਸ ਜਾਂਚ ’ਚ ਪੂਰੀ ਤਰ੍ਹਾਂ ਪਾਸ ਹੋ ਗਏ।

PunjabKesariਯਾਦ ਰਹੇ ਕਿ 14 ਫਰਵਰੀ ਨੂੰ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ’ਚ ਸੀ.ਆਰ.ਪੀ.ਐੱਫ. ਦੇ 40 ਤੋਂ ਵਧ ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਉਸ ਦਾ ਬਦਲਾ ਪਾਕਿਸਤਾਨ ਦੇ ਬਾਲਾਕੋਟ ’ਚ ਏਅਰ ਸਟਰਾਈਕ ਕਰ ਕੇ ਲਿਆ। 27 ਫਰਵਰੀ ਨੂੰ ਭਾਰਤੀ ਸਰਹੱਦ ’ਚ ਆਏ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਦਾ ਮਿਗ-21 ਬਾਈਸਨ ਨਾਲ ਪਿੱਛਾ ਕਰਦੇ ਹੋਏ ਅਭਿਨੰਦਨ ਐੱਲ.ਓ.ਸੀ. ਪਾਰ ਕਰ ਗਏ ਸਨ ਅਤੇ ਪਾਕਿਸਤਾਨੀ ਫਾਈਟਰ ਪਲੇਨ ਐੱਫ-16 ਨੂੰ ਮਾਰ ਸੁੱਟਿਆ ਸੀ। ਇਸ ਦੌਰਾਨ ਉਨ੍ਹਾਂ ਦਾ ਜਹਾਜ਼ ¬ਕ੍ਰੈਸ਼ ਹੋ ਗਿਆ ਸੀ ਅਤੇ ਉਹ ਪੈਰਾਸ਼ੂਟ ਤੋਂ ਹੇਠਾਂ ਉਤਰੇ ਸਨ ਪਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ’ਚ ਉਤਰਨ ਕਾਰਨ ਉਹ ਪਾਕਿਸਤਾਨੀ ਫੌਜ ਦੀ ਕੈਦ ’ਚ ਪਹੁੰਚ ਗਏ ਸਨ। ਵਰਤਮਾਨ ਨੂੰ ਜਦੋਂ ਪਾਕਿਸਤਾਨੀ ਫੌਜ ਨੇ ਫੜਿਆ ਸੀ, ਉਦੋਂ ਉਨ੍ਹਾਂ ਨੇ ਜੋ ਸਾਹਸ ਦਿਖਾਇਆ, ਜਿਸ ਦੀ ਅੱਜ ਵੀ ਤਾਰੀਫ਼ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਇਸ ਲਈ ਆਜ਼ਾਦੀ ਦਿਵਸ ’ਤੇ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।


author

DIsha

Content Editor

Related News