ਆਪਣੇ ਉਮੀਦਵਾਰ ’ਤੇ ਹੀ ਚੱਲਿਆ ‘ਆਪ ਦਾ ਝਾੜੂ’
Tuesday, Apr 16, 2019 - 07:36 PM (IST)
![ਆਪਣੇ ਉਮੀਦਵਾਰ ’ਤੇ ਹੀ ਚੱਲਿਆ ‘ਆਪ ਦਾ ਝਾੜੂ’](https://static.jagbani.com/multimedia/2019_4image_18_29_366556564capturejp.jpg)
ਜਲੰਧਰ : (ਜਸਬੀਰ ਵਾਟਾਂ ਵਾਲੀ) ਅੱਜ ਸਿਆਸੀ ਹਲਕਿਆਂ ਵਿਚ ਉਸ ਸਮੇਂ ਨਵੀ ਚਰਚਾ ਛਿੜ ਗਈ, ਜਦੋਂ ਅਚਾਨਕ ਹੀ ਆਮ ਆਦਮੀ ਪਾਰਟੀ ਨੇ ਹਲਕਾ ਫਤਿਹਗੜ੍ਹ ਸਾਹਿਬ ਦੀ ਸੰਸਦੀ ਸੀਟ ਲਈ ਨਵਾਂ ਉਮੀਦਵਾਰ ਐਲਾਨ ਦਿੱਤਾ। ਪਾਰਟੀ ਨੇ ਕੁਝ ਦਿਨ ਪਹਿਲਾਂ ਐਲਾਨੇ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ ਦੀ ਜਗ੍ਹਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਨੂੰ ਟਿਕਟ ਦੇ ਦਿੱਤੀ। ਹੈਰਾਨੀ ਦੀ ਗੱਲ ਇਹ ਰਹੀ ਕਿ ਬੀਬੀ ਹਰਬੰਸ ਕੌਰ ਨੂੰ ਇਹ ਟਿਕਟ ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੁੰਦਿਆ ਸਾਰ ਹੀ ਮਿਲ ਗਈ, ਜਦਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹੁਣ ਤੱਕ ਇਹੀ ਬਿਆਨ ਦਿੰਦੇ ਆ ਰਹੇ ਸਨ ਕਿ ਪਾਰਟੀ ਸਿਰਫ ’ਤੇ ਸਿਰਫ ਵਲੰਟੀਅਰਾਂ ਨੂੰ ਹੀ ਚੋਣ ਲੜਵਾਏਗੀ। ਆਮ ਆਦਮੀ ਪਾਰਟੀ ਦੀ ਇਸ ਬਦਲੀ ਰਣਨੀਤੀ ਨੇ ਇਕ ਵਾਰ ਫਿਰ ਪਾਰਟੀ ਦੀ ਵਿਚਾਰਧਾਰਾ ਅਤੇ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਕਿਉਂਕਿ ਸਿਸਟਮ ਦੀ ਗੰਦਗੀ ਸਾਫ ਕਰਨ ਲਈ ਹੋਂਦ ਵਿਚ ਆਇਆ ਝਾੜੂ, ਸਿਸਟਮ ਦੀ ਬਜਾਏ ਆਪਣੇ ਵਲੰਟੀਅਰਾਂ ਅਤੇ ਉਨ੍ਹਾਂ ਦੀਆਂ ਟਿਕਟਾਂ ’ਤੇ ਹੀ ਚੱਲਦਾ ਨਜ਼ਰ ਆ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜਨੀਤੀ ਬਦਲਣ ਲਈ ਆਈ ਆਮ ਆਦਮੀ ਪਾਰਟੀ ਹੋਰ ਰਵਾਇਤੀ ਪਾਰਟੀਆਂ ਦੇ ਨਕਸ਼-ਏ-ਕਦਮ ’ਤੇ ਤੁਰਦੀ ਨਜ਼ਰ ਆ ਰਹੀ ਹੈ।
ਆਪ ਵੱਲੋਂ ਸ੍ਰੀ ਫ਼ਤਿਹਗੜ ਸਾਹਿਬ ਤੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਬਲਜਿੰਦਰ ਸਿੰਘ ਚੌਦਾਂ ਦੀ ਗੱਲ ਕਰੀਏ ਤਾਂ ਉਹ 2014 ਤੋਂ ਪਾਰਟੀ ਵਿਚ ਸਰਗਰਮ ਵਲੰਟੀਅਰ ਵਜੋਂ ਕੰਮ ਕਰ ਰਹੇ ਹਨ। ਬਲਵਿੰਦਰ ਸਿੰਘ ਚੌਂਦਾ ਦੇ ਦਾਦਾ ਜੀ ਨੇ ਧਰਮ ਸੁਧਾਰ ਅੰਦੋਲਨ ਦੌਰਾਨ ਜੈਤੋ ਦੇ ਮੋਰਚੇ ਵਿੱਚ ਜੇਲ੍ਹ ਕੱਟੀ ਸੀ। ਇਸਦੇ ਉਲਟ ਹਰਬੰਸ ਕੌਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹੈ। ਉਨ੍ਹਾਂ ਨੇ 2012 'ਚ ਬੱਸੀ ਪਠਾਣਾ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੀ ਸੀ, ਜਿਸ ਵਿਚ ਉਹ ਅਕਾਲੀ ਦਲ ਦੇ ਉਮੀਦਵਾਰ ਜਸਟਿਸ ਨਿਰਮਲ ਸਿੰਘ ਕੋਲੋਂ ਹਾਰ ਗਏ ਸਨ। ਇਸ ਸਮੁੱਚੇ ਘਟਨਾਕ੍ਰਮ ਸਬੰਧੀ ਭਾਵੇਂ ਕਿ ਉਮੀਦਵਾਰ ਬਲਜਿੰਦਰ ਸਿੰਘ ਚੌਦਾਂ ਨੇ ਕੋਈ ਨਰਾਜ਼ਗੀ ਜ਼ਾਹਰ ਨਹੀਂ ਕੀਤੀ ਪਰ ‘ਆਪ’ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ।