ਨਾਜਾਇਜ਼ ਰੇਤ ਮਾਈਨਿੰਗ ਖ਼ਿਲਾਫ਼ 'ਆਪ' ਵਿਧਾਇਕ ਦੀ ਰੇਡ, ਮੁਲਜ਼ਮਾਂ ਨੂੰ ਪਈਆਂ ਭਾਜੜਾਂ
Tuesday, Mar 15, 2022 - 11:32 AM (IST)
ਫਾਜ਼ਿਲਕਾ : ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਨੇ ਅਹੁਦਾ ਸੰਭਾਲਦੇ ਹੀ ਆਪਣੇ ਪਿੰਡ ’ਚ ਨਾਜਾਇਜ਼ ਕੰਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਨਰਿੰਦਰਪਾਲ ਸਿੰਘ ਸਾਵਨਾ ਨੇ ਦੱਸਿਆ ਕਿ ਵਿਧਾਇਕ ਬਣਨ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਵਲੋਂ ਲਗਾਤਾਰ ਸ਼ਿਕਾਇਤਾਂ ਮਿਲੀਆਂ ਸਨ ਕਿ ਫਾਜ਼ਿਲਕਾ ਦੇ ਪਿੰਡ ਪੱਕਾ ਚਿਸਤੀ ’ਚ ਰੇਤਾ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ ਅੱਜ ਸਵੇਰੇ ਤੋਂ ਵੀ ਲਗਾਤਾਰ ਉਨ੍ਹਾਂ ਨੂੰ ਇਸ ਸੰਬੰਧੀ ਸ਼ਿਕਾਇਤਾਂ ਆ ਰਹੀਆਂ ਸਨ। ਬੀਤੇ ਦਿਨ ਦੇਰ ਸ਼ਾਮ ਨੂੰ ਉਨ੍ਹਾਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਮੌਕੇ ’ਤੇ ਜਾ ਕੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੁਲਸ ਪਾਰਟੀ ਅਤੇ ਮਾਈਨਿੰਗ ਅਫ਼ਸਰਾਂ ਨੂੰ ਨਾਲ ਲਿਜਾ ਕੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੇਖਿਆ ਕਿ ਉੱਥੇ ਟਰਕੈਟਰ ਟਰਾਲੀ ’ਚ ਨਾਜਾਇਜ਼ ਢੰਗ ਨਾਲ ਰੇਤਾ ਚੋਰੀ ਹੋ ਰਹੀ ਸੀ। ਪੁਲਸ ਪਾਰਟੀ ਨੂੰ ਦੇਖਦਿਆਂ ਹੀ ਮੁਲਜ਼ਮਾਂ ਨੇ ਟੋਚਨ ਦੀ ਮਦਦ ਨਾਲ ਉੱਥੋਂ ਟਰੈਕਟਰ ਟਰਾਲੀ ਭਜਾ ਲਈ। ਜਦੋਂ ਪੁਲਸ ਪਾਰਟੀ ਵਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਪੁਲਸ ਅਫ਼ਸਰਾਂ ’ਤੇ ਵੀ ਟਰੈਕਟਰ ਟਰਾਲੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਬਾਰਡਰ ਆਉਣ ’ਤੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਟਰੈਕਟਰ ਟਰਾਲੀ ਨੂੰ ਰੋਕ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ 1 ਹੋਰ ਭੱਜਣ ’ਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ : ਰੰਧਾਵਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ, ਕੀਤੀ ਇਹ ਸ਼ਿਕਾਇਤ
ਨਰਿੰਦਰਪਾਲ ਨੇ ਗੱਲਬਾਤ ਦੌਰਾਨ ਰੇਤਾ ਚੋਰੀ ਕਰਨ ਵਾਲੇ ਅਤੇ ਹੋਰ ਗਲਤ ਕੰਮ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇਕਰ ਕੋਈ ਅਜਿਹਾ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ