ਸਾਢੇ ਚਾਰ ਸਾਲ ਬਾਅਦ ਪਿੰਡ ਡਾਲਾ ਪਹੁੰਚੇ ‘ਆਪ’ ਵਿਧਾਇਕ, ਲੋਕਾਂ ਨੇ ਘੇਰਾ ਪਾ ਪੁੱਛੇ ਸਵਾਲ (ਵੀਡੀਓ)

Friday, Aug 27, 2021 - 11:28 AM (IST)

ਮੋਗਾ (ਗੋਪੀ ਰਾਊਕੇ) - ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਮਾਲਵਾ ਖਿੱਤੇ ਦੇ ਪਿੰਡਾਂ ਵਿੱਚ ਸਿਆਸੀ ਆਗੂਆਂ ਦੇ ਦਾਖਲੇ ’ਤੇ ਲਗਾਈ ਪਾਬੰਦੀ ਮੁਹਿੰਮ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਸ ਤਰ੍ਹਾਂ ਦੀ ਸਥਿਤੀ ਬਣਨ ਮਗਰੋਂ ਪਿੰਡਾਂ ਸਿਆਸੀ ਆਗੂਆਂ ਨੂੰ ਆਪਣੀਆਂ ਸਰਗਰਮੀਆਂ ਚਲਾਉਣਾ ਬੇਹੱਦ ਚਣੌਤੀ ਭਰਪੂਰ ਬਣਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ‘ਆਪ’ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਸਾਹਮਣੇ ਆਇਆ ਹੈ, ਜੋ ਹਲਕੇ ਦੇ ਪਿੰਡ ਡਾਲਾ ਵਿਖੇ ਆਪਣੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਵੜ੍ਹਨ ਤੋਂ ਕਿਸਾਨ ਆਗੂਆਂ ਨੇ ਰੋਕਦੇ ਹੋਏ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂ ਜਦੋਂ ਵਿਧਾਇਕ ਨੂੰ ਲੰਘੇ ਸਾਢੇ ਚਾਰ ਸਾਲਾਂ ਦੌਰਾਨ ਹਲਕੇ ਲਈ ਕੀਤੇ ਗਏ ਕੰਮਾਂ ਦੇ ਮਾਮਲੇ ਨੂੰ ਲੈ ਕੇ ਸਵਾਲ ਜਵਾਬ ਕਰਨ ਲੱਗੇ ਤਾਂ ਵਿਧਾਇਕ ਬਿਲਾਸਪੁਰ ਕਿਸੇ ਤਰ੍ਹਾਂ ਦੇ ਸਵਾਲਾਂ ਦੇ ਸਾਰਥਿਕ ਤਰੀਕੇ ਨਾਲ ਜਵਾਬ ਦੇਣ ਦੀ ਥਾਂ ਮੌਕੇ ਤੋਂ ਭੱਜ ਗਏ। ਵਿਧਾਇਕ ਬਿਲਾਸਪੁਰ ਆਪਣੀ ਗੱਡੀ ਵਿੱਚ ਬੈਠ ਕੇ ਉਥੋਂ ਵਾਪਸ ਚਲੇ ਗਏ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : 14 ਸਾਲਾ ਬੱਚੇ ਨੂੰ ਅਗਵਾ ਕਰਕੇ ਬੈੱਡ ’ਚ ਕੀਤਾ ਬੰਦ, ਇੰਝ ਖੁੱਲ੍ਹਿਆ ਭੇਤ (ਵੀਡੀਓ) 

ਕਿਸਾਨ ਆਗੂ ਵਿਧਾਇਕ ਨੂੰ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਲਈ ਉਦੋਂ ਤੱਕ ਬੋਲਦੇ ਰਹੇ ਜਦੋਂ ਤੱਕ ਵਿਧਾਇਕ ਦੀ ਗੱਡੀ ਅੱਖਾਂ ਤੋਂ ਓਹਲੇ ਨਹੀਂ ਹੋ ਗਈ। ਦੱਸਣਾ ਬਣਦਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧਣ ਦੀ ਸੰਭਾਵਨਾ ਹੈ, ਕਿਉਂਕਿ ਮਾਲਵਾ ਖਿੱਤੇ ਵਿੱਚ ਕਿਸਾਨ ਜਥੇਬੰਦੀਆਂ ਦਾ ਵੱਡਾ ਜਨਤਕ ਆਧਾਰ ਹੈ ਅਤੇ ਇੰਨ੍ਹਾਂ ਨਾਲ ਜੁੜੇ ਕਿਸਾਨ ਅਤੇ ਆਮ ਲੋਕ ਕਾਲੇ ਖ਼ੇਤੀ ਕਾਨੂੰਨਾਂ ਦੇ ਲਾਗੂ ਹੋਣ ਮਗਰੋਂ ਸਿਆਸੀ ਆਗੂਆਂ ਤੋਂ ਨਰਾਜ਼ ਹਨ ਅਤੇ ਇੰਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਰਾਜਸੀ ਆਗੂਆਂ ਨੂੰ ਪਿੰਡਾਂ ਵਿੱਚ ਵੜ੍ਹਨ ਤੋਂ ਰੋਕਿਆ ਜਾਵੇ।

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਸੋਸ਼ਲ ਮੀਡੀਆਂ ’ਤੇ ਮਾਮਲੇ ਦੀ ਵੀਡੀਓ ਵਾਇਰਲ
ਵਿਧਾਇਕ ਬਿਲਾਸਪੁਰ ਦੇ ਘਿਰਾਉ ਦੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆਂ ’ਤੇ ਵਾਇਰਲ ਹੋਣ ਮਗਰੋਂ ਇਹ ਪੂਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਦੱਸਣਾ ਬਣਦਾ ਹੈ ਕਿ ਪਹਿਲਾ ਆਮ ਆਦਮੀ ਪਾਰਟੀ ਨੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਲੋਕਾਂ ਨੂੰ ਇਹ ਪ੍ਰੇਰਿਤ ਕੀਤਾ ਸੀ ਕਿ ਰਾਜਸੀ ਆਗੂਆਂ ਤੋਂ ਉਨ੍ਹਾਂ ਦੇ ਰਿਪੋਰਟ ਕਾਰਡ ਸਬੰਧੀ ਸਵਾਲ ਜਵਾਬ ਕੀਤੇ ਜਾਣ ਪਰ ਹੁਣ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਆਖਿਰਕਾਰ ਵਿਧਾਇਕ ਨੇ ਕਿਸਾਨਾਂ ਦੇ ਸਾਰਥਿਕ ਜਵਾਬ ਦੇਣ ਤੋਂ ਕਿਉਂ ਟਾਲਾ ਵੱਟਿਆ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਮੈਂ ਬਹੁਤ ਬਿਜੀ ਹਾਂ ਫ਼ਿਰ ਗੱਲ ਕਰਾਂਗਾ : ਵਿਧਾਇਕ
ਇਸੇ ਦੌਰਾਨ ਹੀ ਜਦੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਇਹ ਆਖ ਕੇ ਫੋਨ ਕੱਟ ਦਿੱਤਾ ਕਿ ਮੈਂ ਬਹੁਤ ਬਿਜੀ ਹਾਂ ਫ਼ਿਰ ਗੱਲ ਕਰਾਂਗਾ ਪਰ ਲੰਮੀ ਉਡੀਕ ਮਗਰੋਂ ਵੀ ਉਨ੍ਹਾਂ ਫੋਨ ਕਰਨਾ ਮੁਨਾਸਿਬ ਨਹੀਂ ਸਮਝਿਆ ਜਿਸ ਕਰ ਕੇ ਮੁੜ ਸੰਪਰਕ ਸਥਾਪਿਤ ਨਹੀਂ ਹੋ ਸਕਿਆ।

ਨੋਟ - ‘ਆਪ’ ਵਿਧਾਇਕ ਬਿਲਾਸਪੁਰ ਨੂੰ ਲੋਕਾਂ ਨੇ ਡਾਲਾ ਪਿੰਡ ’ਚ ਵੜ੍ਹਨ ਤੋਂ ਰੋਕਿਆ, ਜਵਾਬ ਦੇਣ ਦੀ ਥਾਂ ਮੌਕੇ ਤੋਂ ਭੱਜੇ ਵਿਧਾਇਕ, ਦੇ ਸਬੰਧ ’ਚ ਦਿਓ ਆਪਣੀ ਰਾਏ


rajwinder kaur

Content Editor

Related News