‘ਆਪ’ ਵਿਧਾਇਕ ਦੇਵ ਮਾਨ ਦਾ ਪ੍ਰਤਾਪ ਸਿੰਘ ਬਾਜਵਾ ’ਤੇ ਵੱਡਾ ਬਿਆਨ
Saturday, Oct 01, 2022 - 06:15 PM (IST)
ਨਾਭਾ (ਭੂਪਾ) : ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਇਕ ਦੂਜੇ ਨਾਲ ਉਲਝੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ‘ਆਪ’ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਿਚਾਲੇ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵਲੋਂ ‘ਆਪ’ ਵਿਧਾਇਕ ਦੇਵ ਮਾਨ ਨੂੰ ਨਿਸ਼ਾਨੇ ’ਤੇ ਲੈ ਕੇ ਕੀਤੀ ਟਿੱਪਣੀ ਦੇ ਜਵਾਬ ਵਿਚ ‘ਆਪ’ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸਥਾਨਕ ਨਵੀਂ ਅਨਾਜ ਮੰਡੀ ਨਾਭਾ ਦੀ ਪ੍ਰਸਿੱਧ ਆੜ੍ਹਤੀਆ ਫਰਮ ਰੌਣਕ ਰਾਮ-ਅੱਛਰੂ ਰਾਮ ਵਿਖੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਮੀਤ ਪ੍ਰਧਾਨ ਰਮਨ ਜਿੰਦਲ ਭੋਲਾ ਦੀ ਹਾਜ਼ਰੀ ਵਿਚ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸੁਖਪਾਲ ਖਹਿਰਾ ਵਿਕਾਊ ਮਾਲ ਹਨ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਯਾਦ ਰੱਖਿਓ ਤਿੰਨੇ ਭਾਜਪਾ ਵਿਚ ਜਾਣ ਦੀਆਂ ਤਿਆਰੀਆਂ ਵਿਚ ਹਨ। ਦੇਵ ਮਾਨ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਕਿਸੇ ਸਿਆਸੀ ਡਰਾਮੇ ਤੋਂ ਘੱਟ ਨਹੀਂ ਸੀ। ਕੂਹਣੀਆਂ ਦੇ ਇਸ਼ਾਰੇ ਨਾਲ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।
ਬਾਜਵਾ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ’ਤੇ ਉਠਾਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਸਭ ਤੋਂ ਅਹਿਮ ਹੁੰਦੀ ਹੈ, ਇਸ ਲਈ ਇੱਛਾ ਕਰਨ ’ਤੇ ਵੀ ਸੁਰੱਖਿਆ ਏਜੰਸੀਆਂ ਸਮਝੌਤਾ ਨਹੀਂ ਕਰਦੀਆਂ। ਉਨ੍ਹਾਂ ਕਿਹਾ ਮੈਨੂੰ ਮਿਲੀ ਸੁਰੱਖਿਆ ਸਬੰਧੀ ਮੈਂ ਐੱਸ.ਐੱਸ.ਪੀ ਪਟਿਆਲਾ ਨੂੰ ਕਈ ਵਾਰ ਬੇਨਤੀ ਕੀਤੀ ਸੀ ਪ੍ਰੰਤੂ ਉਨ੍ਹਾਂ ਨੂੰ ਪ੍ਰੋਟੋਕੋਲ ਦਾ ਹਵਾਲਾ ਦੇ ਕੇ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਇਸ ਨੂੰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਹਿੱਤਾਂ ਲਈ ਆਵਾਜ਼ ਉਠਾਉਣ ਵਿਚ ਇਨ੍ਹਾਂ ਦਾ ਢਿੱਡ ਕਿਉ ਦੁਖਦਾ ਹੈ? ਉਨ੍ਹਾਂ ਕਾਂਗਰਸੀਆ ਨੂੰ ਵੱਡੀ ਚੁਣੋਤੀ ਦਿੰਦਿਆਂ ਕਿਹਾ ਕਿ ਵੱਖ-ਵੱਖ ਧਿਰਾਂ ਵਿਚ ਵੰਡੇ 18 ਕਾਂਗਰਸੀ ਵਿਧਾਇਕ ਇਕੱਠੇ ਹੋ ਕੇ ਦਿਖਾਉਣ ਜਦਕਿ ਅਸੀਂ 92 ਹਿੱਕ ਠੋਕ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖੜ੍ਹੇ ਸੀ ਖੜ੍ਹੇ ਹਾਂ ਤੇ ਖੜ੍ਹੇ ਰਹਾਂਗੇ।
ਆਪਣੇ ’ਤੇ ਸਾਈਕਲ ਤੋਂ ਸਿੱਧੇ ਗੱਡੀ ਵਿਚ ਸਵਾਰ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਭਾਵੇਂ ਆਰ.ਟੀ.ਆਈ ਰਾਹੀਂ ਜਾਣਕਾਰੀ ਲੈ ਲਓ, ਮੇਰੇ ਕੋਲ ਆਪਣੀ ਗੱਡੀ ਤਾਂ ਕੀ ਹੋਣੀ ਹੈ, ਮੈਂ ਤਾਂ ਸਰਕਾਰੀ ਗੱਡੀ ਵੀ ਨਹੀਂ ਲਈ। ਉਨ੍ਹਾਂ ਕਿਹਾ ਕਿ ਦੇਵ ਮਾਨ ਦਾ ਬਾਪ ਪੈਂਚਰ ਲਾਉਂਦਾ ਰਿਹਾ ਹੈ। ਗਰੀਬੀ ’ਚੋਂ ਉੱਠਿਆ ਹਾਂ। ਮੇਰੇ ਖਾਤੇ ਚੈੱਕ ਕਰਵਾ ਲਓ ਇਕ ਨਵਾਂ ਫਾਲਤੂ ਪੈਸਾ ਮਿਲੇ ਤਾਂ ਜੋ ਤੁਹਾਡਾ ਫੈਸਲਾ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਧਰਮਸੋਤ ਖ਼ਿਲਾਫ਼ 48 ਲੱਖ ਦੇ ਦੋਸ਼ਾਂ ਦੀ ਵਿਜੀਲੈੰਸ ਜਾਂਚ ਲਈ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਸੌਂਪ ਰਹੇ ਹਨ।