‘ਇੱਕ ਵਿਧਾਇਕ-ਇੱਕ ਪੈਨਸ਼ਨ’ ਦੀ ਮੰਗ ਨੂੰ ਲੈ ਕੇ ਸਪੀਕਰ ਨੂੰ ਮਿਲੇ ‘ਆਪ’ ਨੇਤਾ
Wednesday, Aug 18, 2021 - 12:28 AM (IST)
ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਵਿਧਾਇਕਾਂ/ਸਾਬਕਾ ਵਿਧਾਇਕਾਂ ਨੂੰ ਬਤੌਰ ਵਿਧਾਨਕਾਰ ਇੱਕ ਤੋਂ ਵੱਧ ਮਿਲਦੀਆਂ ਮਾਸਿਕ ਪੈਨਸ਼ਨਾਂ ਦਾ ਵਿਰੋਧ ਕਰਦੇ ਹੋਏ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦੀ ਮੰਗ ਰੱਖੀ ਹੈ। ਇਸ ਸਬੰਧ ’ਚ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਦੇ ਵਫ਼ਦ ਨੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਮੰਗ ਪੱਤਰ ਦਿੱਤਾ। ਇਸ ਵਫ਼ਦ ਵਿੱਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰਿੰਸੀਪਲ ਬੁੱਧ ਰਾਮ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜੈ ਸਿੰਘ ਰੋੜੀ ਅਤੇ ਅਮਰਜੀਤ ਸਿੰਘ ਸੰਦੋਆ ਸ਼ਾਮਲ ਸਨ।
ਇਹ ਵੀ ਪੜ੍ਹੋ- ਮਨਕੀਰਤ ਔਲਖ ਨੇ ‘ਜਗ ਬਾਣੀ’ ਦਾ ਕਲਿੱਪ ਸ਼ੇਅਰ ਕਰ ਕੇ ਆਪਣੇ ਵਿਛੜੇ ਦੋਸਤ ਵਿੱਕੀ ਮਿੱਡੂਖੇੜਾ ਨੂੰ ਕੀਤਾ ਯਾਦ
ਸਪੀਕਰ ਨਾਲ ਮੁਲਾਕਾਤ ਉਪਰੰਤ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ‘ਆਪ’ ਵਿਧਾਇਕਾਂ ਨੇ ਇੱਕ ਵਾਰ ਤੋਂ ਵੱਧ ਵਾਰ ਵਿਧਾਇਕ ਬਣਨ ਵਾਲੇ ਵਿਧਾਇਕਾਂ/ ਸਾਬਕਾ ਵਿਧਾਇਕਾਂ ਨੂੰ ਇੱਕ ਤੋਂ ਵੱਧ ਮਿਲਦੀ ਮਾਸਿਕ ਪੈਨਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਇੰਕਰੀਮੈਂਟ ਆਦਿ ਦੇ ਨਾਂ ’ਤੇ ਦਿੱਤਾ ਜਾਂਦਾ ਅਜਿਹਾ ਵਿੱਤੀ ਲਾਭ ਨੈਤਿਕ ਅਤੇ ਸਿਧਾਂਤਕ ਤੌਰ ’ਤੇ ਗਲਤ ਹੈ। ਇਸ ਲਈ ਸਰਕਾਰੀ ਕਰਮਚਾਰੀਆਂ ਵਾਂਗ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਦਿੱਤੀ ਜਾਵੇ, ਬੇਸ਼ੱਕ ਉਹ ਇੱਕ ਤੋਂ ਵੱਧ ਵਾਰ ਵਿਧਾਇਕ ਕਿਉਂ ਨਾ ਬਣੇ ਹੋਣ।