ਕੇਜਰੀਵਾਲ ਜੀ, ਮੈਨੂੰ ਮਿਲਣ ਦਾ ਸਿਰਫ 10 ਮਿੰਟ ਦਾ ਸਮਾਂ ਦੇ ਦਿਓ : ਜੱਸੀ

Sunday, Jul 17, 2016 - 11:47 AM (IST)

ਕੇਜਰੀਵਾਲ ਜੀ, ਮੈਨੂੰ ਮਿਲਣ ਦਾ ਸਿਰਫ 10 ਮਿੰਟ ਦਾ ਸਮਾਂ ਦੇ ਦਿਓ : ਜੱਸੀ

ਚੰਡੀਗੜ੍ਹ (ਸ਼ਰਮਾ)— ਬੀਤੀਆਂ ਲੋਕ ਸਭਾ ਚੋਣਾਂ ''ਚ ਬਠਿੰਡਾ ਸੰਸਦੀ ਸੀਟ ''ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਰਹੇ ਤੇ ਅਨੁਸ਼ਾਸਨਹੀਣਤਾ ਲਈ ਪਾਰਟੀ ''ਚੋਂ 6 ਸਾਲ ਲਈ ਬਰਖਾਸਤ ਜੱਸੀ ਜਸਰਾਜ ਨੇ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਸੋਮਵਾਰ ਨੂੰ ਉਹ ਆਪਣੇ ਸ੍ਰੀ ਦਰਬਾਰ ਸਾਹਿਬ ਦੇ ਦੌਰੇ ਦੌਰਾਨ ਉਸ ਨੂੰ ਪਰਿਕ੍ਰਮਾ ''ਚ 10 ਮਿੰਟ ਲਈ ਮਿਲਣ ਦਾ ਸਮਾਂ ਦੇਣ, ਤਾਂ ਜੋ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਪਾਰਟੀ ਨੇ ਕਿਸ ਆਧਾਰ ''ਤੇ 6 ਸਾਲ ਲਈ ਪਾਰਟੀ ਤੋਂ ਬਰਖਾਸਤ ਕੀਤਾ ਹੈ।
ਜਸਰਾਜ ਨੇ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ ''ਚ ਕਿਹਾ ਕਿ ਉਸ ਨੂੰ ਬੀਤੀ 8 ਅਪ੍ਰੈਲ ਨੂੰ ਪਾਰਟੀ ''ਚੋਂ ਬਰਖਾਸਤਗੀ ਦੇ ਸਬੰਧ ''ਚ ਮੀਡੀਆ ਜ਼ਰੀਏ ਜਾਣਕਾਰੀ ਮਿਲੀ ਸੀ। ਉਸ ਦੇ ਬਾਅਦ ਮੇਲ, ਐੱਸ. ਐੱਮ. ਐੱਸ. ਤੇ ਹੋਰਨਾ ਸਾਧਨਾਂ ਰਾਹੀਂ ਕੇਜਰੀਵਾਲ ਨਾਲ ਸੰਪਰਕ ਕਰਨ ''ਤੇ ਰਿਸਪਾਂਸ ਨਾ ਮਿਲਣ ''ਤੇ ਉਹ 10 ਅਪ੍ਰੈਲ ਨੂੰ ਦਿੱਲੀ ਪਹੁੰਚੇ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਤੋਂ ਇਕ ਵੀਡੀਓ ਸੋਸ਼ਲ ਮੀਡੀਆ ''ਤੇ ਅਪਲੋਡ ਕਰਕੇ ਕੇਜਰੀਵਾਲ ਤੋਂ ਮਿਲਣ ਦਾ ਸਮਾਂ ਮੰਗਿਆ ਪਰ ਉਸ ''ਚ ਵੀ ਸਫਲਤਾ ਨਹੀਂ ਮਿਲੀ। ਇਸਦੇ ਬਾਅਦ 3 ਜੁਲਾਈ ਨੂੰ ਕੇਜਰੀਵਾਲ ਦੇ ਸ੍ਰੀ ਦਰਬਾਰ ਸਾਹਿਬ ਦੌਰੇ ਦੌਰਾਨ ਉਨ੍ਹਾਂ ਨੂੰ ਕੇਜਰੀਵਾਲ ਨੇ ਫਿਰ ਕਦੇ ਬੁਲਾਉਣ ਦੀ ਗੱਲ ਕਹੀ।
ਜਸਰਾਜ ਨੇ ਦੋਸ਼ ਲਾਇਆ ਕਿ ਪਾਰਟੀ ਦੇ ਵਾਲੰਟੀਅਰਾਂ ਨੂੰ ਸਾਈਡ ਲਾਈਨ ਲਗਾਉਣ ਤੇ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਪਾਰਟੀ ''ਚ ਸ਼ਾਮਲ ਕਰਨ ਤੇ ਉਨ੍ਹਾਂ ਨੂੰ ਪਾਰਟੀ ਦੇ ਸੰਵਿਧਾਨ ਵਿਰੁੱਧ ਪਾਰਟੀ ਜੁਆਇਨ ਕਰਦੇ ਹੀ ਅਹੁਦਾ ਦੇਣ ਦੇ ਵਿਰੋਧ ਕਾਰਨ ਉਨ੍ਹਾਂ ''ਤੇ ਕਾਰਵਾਈ ਕੀਤੀ ਗਈ ਹੈ ਜਦੋਂਕਿ ਦੂਜੇ ਪਾਸੇ ਦਿੱਲੀ ਤੋਂ ਪੰਜਾਬ ''ਚ ਭੇਜੇ ਗਏ ਨੇਤਾਵਾਂ ਨੇ ਪੰਜਾਬ ਦੇ ਨੇਤਾਵਾਂ ਨੂੰ ਇਕ ਪਾਸੇ ਕਰਕੇ ਰਾਜ ''ਚ ਪਾਰਟੀ ''ਤੇ ਕਬਜ਼ਾ ਕਰ ਲਿਆ ਹੈ। ਜਸਰਾਜ ਨੇ ਕਿਹਾ ਕਿ ਇਕ ਪਾਸੇ ਜਿੱਥੇ ਦਿੱਲੀ ਦੇ ਨੇਤਾਵਾਂ ਵਲੋਂ ਰਾਜ ''ਚ ਕੀਤੇ ਗਏ ਧਾਰਮਿਕ ਬੇਅਦਬੀ ਦੇ ਮਾਮਲੇ ''ਚ ਪਾਰਟੀ ਰੱਖਿਆਤਮਕ ਸਥਿਤੀ ''ਚ ਪਹੁੰਚ ਗਈ, ਉਥੇ ਦੂਜੇ ਪਾਸੇ ਕਸੂਰਵਾਰ ਨੇਤਾਵਾਂ ''ਤੇ ਕਾਰਵਾਈ ਦੀ ਥਾਂ ਕੇਜਰੀਵਾਲ ਦੁਆਰਾ ਖੁਦ ਪਸ਼ਚਾਤਾਪ ਕੀਤਾ ਜਾ ਰਿਹਾ ਹੈ। ਜਸਰਾਜ ਨੇ ਇਸ ਮੌਕੇ ਪਾਰਟੀ ਦੇ ਕੁਝ ਨੇਤਾਵਾਂ ''ਤੇ ਪਾਰਟੀ ਲਈ ਫੰਡ ਬਿਨਾ ਰਸੀਦ ਦੇ ਪ੍ਰਾਪਤ ਕਰਨ ਤੇ ਹੋਰ ਭ੍ਰਿਸ਼ਟ ਤਰੀਕੇ ਅਪਣਾਉਣ ਦੇ ਵੀ ਦੋਸ਼ ਲਗਾਏ।
ਜਸਰਾਜ ਨੇ ਮੰਗ ਕੀਤੀ ਕਿ ਕੇਜਰੀਵਾਲ 18 ਜੁਲਾਈ ਨੂੰ ਸ੍ਰੀ ਦਰਬਾਰ ਸਾਹਿਬ ਦੌਰੇ ਦੌਰਾਨ ਉਨ੍ਹਾਂ ਨੂੰ ਪਰਿਕ੍ਰਮਾ ''ਚ ਮਿਲਣ ਦਾ ਸਮਾਂ ਦੇਣ ਅਤੇ ਉਹ ਸਾਰੇ ਸਬੂਤ ਵੀ ਲਿਆਉਣ, ਜਿਨ੍ਹਾਂ ਦੇ ਆਧਾਰ ''ਤੇ ਉਸ ਵਿਰੁੱਧ ਕਾਰਵਾਈ ਕੀਤੀ ਗਈ ਹੈ। ਜੱਸੀ ਨੇ ਕਿਹਾ ਕਿ ਨਹੀਂ ਤਾਂ ਇਸਦੇ ਬਾਅਦ ਉਹ ਹੋਰ ਸਾਮਾਨ ਵਿਚਾਰਾਂ ਵਾਲੇ ਤੇ ਪਾਰਟੀ ਨੇਤਾਵਾਂ ਦੀ ਕਾਰਜਪ੍ਰਣਾਲੀ ਤੋਂ ਨਿਰਾਸ਼ ਹੋਰ ਨੇਤਾਵਾਂ ਨਾਲ ਚਰਚਾ ਮਗਰੋਂ ਅਗਲਾ ਕਦਮ ਉਠਾਉਣਗੇ।


author

Gurminder Singh

Content Editor

Related News