''ਆਪ'' ਸਰਕਾਰ ਧਿਆਨ ਵੰਡਾਊ ਕੰਮਾਂ ਦੀ ਬਜਾਏ ਕੇਜਰੀਵਾਲ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰੇ : ਅਕਾਲੀ ਦਲ

05/24/2022 8:29:25 PM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਹਾ ਕਿ ਉਹ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਲਈ ਮੰਤਰੀ ਨੂੰ ਬਰਖਾਸਤ ਕਰਨ ਦੀ ਥਾਂ ਪਾਰਟੀ ਦੀਆਂ ਟਿਕਟਾਂ ਵੇਚਣ ਤੇ ਵਪਾਰੀਆ ਵੱਲੋਂ ਰਾਜ ਸਭਾ ਮੈਂਬਰ ਬਣਨ ਲਈ ਕਰੋੜਾਂ ਰੁਪਏ ਖਰਚਣ ਦੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੇ ਹੁਕਮ ਦੇਣ। ਇਥੇ ਜਾਰੀ ਕੀਤੇ ਇਕ ਬਿਆਨ 'ਚ ਪਾਰਟੀ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਚਲਾਉਣ ਦੇ ਕੰਮ ਨੂੰ ਈਵੈਂਟ ਮੈਨੇਜਮੇਂਟ ਵਜੋਂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮਾਰ ਪੈਂਦੀ ਹੈ ਤਾਂ ਧਿਆਨ ਵੰਡਾਊ ਹਰਕਤ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਵਾਰ ਇਸ ਪਾਰਟੀ ਨੇ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਲੱਗੇ ਗੰਭੀਰ ਦੋਸ਼ਾਂ ਤੋਂ ਧਿਆਨ ਵੰਡਾਉਣ ਲਈ ਕੰਮ ਕੀਤਾ ਤੇ ਇਸ ਵਾਸਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੰਤਰੀ ਨੂੰ ਬਰਖ਼ਾਸਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸਰਕਾਰ ਦੀ ਚਿਤਾਵਨੀ- ਰੈਸਟੋਰੈਂਟ ਗਾਹਕਾਂ ਨੂੰ 'ਸਰਵਿਸ ਚਾਰਜ' ਅਦਾ ਕਰਨ ਲਈ ਨਹੀਂ ਕਰ ਸਕਦੇ ਮਜਬੂਰ

ਗਰੇਵਾਲ ਨੇ ਕਿਹਾ ਕਿ ਇਹ ਪ੍ਰਤੀਕਰਮ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਰਾਜ ਸਭਾ ਦੀ ਹਰੇਕ ਟਿਕਟ 30 ਕਰੋੜ ਰੁਪਏ 'ਚ ਵਪਾਰੀਆਂ ਨੂੰ ਵੇਚੇ ਜਾਣ ਦੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੇ ਹੁਕਮ ਦੇਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਭੂਮਿਕਾ ਦੀ ਵੀ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਜਾਂਚ ਹੋਣੀ ਚਾਹੀਦੀ ਹੈ। ਸਿਰਫ ਸੀ. ਬੀ. ਆਈ. ਜਾਂਚ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰੀ ਪੁਲਸ ਫੋਰਸ ਦਾ ਸਿਆਸੀਕਰਨ ਕਰ ਦਿੱਤਾ ਹੈ ਤੇ ਪੁਲਸ ਫੋਰਸ ਮੁੱਖ ਮੰਤਰੀ ਦੇ ਹੱਕ ਵਿਚ ਨਾਅਰੇ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀ. ਬੀ. ਆਈ. ਜਾਂਚ ਦੇ ਹੁਕਮ ਜਾਰੀ ਹੋਏ ਤਾਂ ਹੋਰ ਹਲਕਿਆਂ ਤੋਂ ਸਬੂਤ ਸਾਹਮਣੇ ਆਉਣ ਲੱਗ ਪੈ ਜਾਣਗੇੇ।

ਇਹ ਵੀ ਪੜ੍ਹੋ : ਫਗਵਾੜਾ ਦੀ ਧੀ ਹਾਂ, ਵਿਕਾਸ 'ਚ ਨਹੀਂ ਛੱਡਾਂਗੀ ਕੋਈ ਕਸਰ : ADC ਨਯਨ ਜੱਸਲ

ਗਰੇਵਾਲ ਨੇ ਕਿਹਾ ਕਿ ਲੋਕ ਤਾਂ ਹੀ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਕਰਨਗੇ ਜੇਕਰ ਇਹ ਭ੍ਰਿਸ਼ਟਾਚਾਰ ਖ਼ਿਲਾਫ਼ ਸਿਖਰਲੇ ਪੱਧਰ ਤੋਂ ਹੇਠਲੇ ਪੱਧਰ ਤੱਕ ਕੰਮ ਕਰੇਗੀ। ਉਨ੍ਹਾਂ ਕਿਹਾ ਕਿ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ 'ਚੋਂ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਗਿਆ ਹੈ, ਜੇਕਰ ਅਜਿਹੀ ਹੀ ਗੱਲ ਸੀ ਤਾਂ ਫਿਰ ਮੰਤਰੀ ਭ੍ਰਿਸ਼ਟਾਚਾਰ ਕਰਦਾ ਕਿਵੇਂ ਫੜਿਆ ਗਿਆ? ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਆਪਕ ਭ੍ਰਿਸ਼ਟਾਚਾਰ ਹੈ, ਜਿਸ ਨੂੰ ਨਕੇਲ ਪਾਉਣ ਦੀ ਲੋੜ ਹੈ। ਦਿੱਲੀ ਤੋਂ ਹੁੰਦੇ ਹੁਕਮਾਂ ਨਾਲ ਤਬਾਦਲਿਆਂ ਤੇ ਤਾਇਨਾਤੀਆਂ ਲਈ ਰਿਸ਼ਵਤਾਂ ਲੈਣ ਦੇ ਦੋਸ਼ ਲੱਗ ਰਹੇ ਹਨ, ਜਿਨ੍ਹਾਂ ਦੀ ਪੜਤਾਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿਹਤ ਮੰਤਰੀ ਨੂੰ ਬਰਖ਼ਾਸਤ ਕਰਨ ਪਿੱਛੇ ਸਿਰਫ ਭ੍ਰਿਸ਼ਟਾਚਾਰ ਦਾ ਮਾਮਲਾ ਹੀ ਨਹੀਂ ਹੈ ਬਲਕਿ ਉਸ ਵੱਲੋਂ ਦਿੱਲੀ 'ਚ 'ਆਪ' ਦੀ ਸਿਖ਼ਰਲੀ ਲੀਡਰਸ਼ਿਪ ਨੂੰ ਭ੍ਰਿਸ਼ਟਾਚਾਰ ਦਾ ਪੈਸਾ ਨਾ ਦੇਣਾ ਵੀ ਇਕ ਕਾਰਨ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੂੰ ਇਸ ਸਾਰੇ ਮਾਮਲੇ ਦੀ ਕੇਂਦਰੀ ਏਜੰਸੀ ਜਾਂ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਉਣ ਨਾਲ ਹੀ ਸੱਚ ਸਾਹਮਣੇ ਆ ਸਕਦਾ ਹੈ।

ਇਹ ਵੀ ਪੜ੍ਹੋ : GST ਵਿਭਾਗ 'ਚ ਤਬਾਦਲੇ: ਦੁਬਾਰਾ ਲਿਸਟ ਬਣਨ ਦਾ ਪਤਾ ਲੱਗਦੇ ਹੀ ਮੁੜ ਸਰਗਰਮ ਹੋਣ ਦੀ ਤਿਆਰੀ 'ਚ ਅਧਿਕਾਰੀ

ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੇ ਕੌਮੀ ਆਗੂਆਂ ਵੱਲੋਂ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਦੀ ਨਿਆਇਕ ਜਾਂਚ ਦੇ ਹੁਕਮ ਦੇਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰਾਂ ਤੇ ਸੰਸਦ ਮੈਂਬਰਾਂ ਨੇ ਅਜਿਹੇ ਦੋਸ਼ ਲਗਾਏ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News