ਡੀਜ਼ਲ-ਪੈਟਰੋਲ ਮਹਿੰਗਾ ਕਰਨ ਦੀ ਥਾਂ ਸਸਤਾ ਕਰੇ ਕੈਪਟਨ ਸਰਕਾਰ : ਆਪ

08/08/2019 4:31:50 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਵਲੋਂ ਸ਼ਹਿਰੀ ਖੇਤਰਾਂ 'ਚ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ 'ਤੇ ਵਾਧੂ ਸੈੱਸ (ਟੈਕਸ) ਲਾਉਣ ਦਾ ਵਿਰੋਧ ਕਰਦਿਆਂ ਇਸ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। 'ਆਪ' ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ਪਾਰਟੀ ਵਿਧਾਇਕਾਂ ਅਤੇ ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਕਿਹਾ ਕਿ ਗੁਆਂਢੀ ਸੂਬਿਆਂ ਨਾਲੋਂ ਪਹਿਲਾਂ ਹੀ ਵੱਧ ਵੈਟ/ਸੈੱਸ ਲੈ ਰਹੇ ਪੰਜਾਬ 'ਚ ਪੈਟਰੋਲੀਅਮ ਪਦਾਰਥ ਹੋਰ ਮਹਿੰਗੇ ਕਰਨ ਦਾ ਸਿੱਧਾ ਅਸਰ ਸ਼ਹਿਰੀ ਅਤੇ ਦਿਹਾਤੀ ਸਾਰੇ ਨਾਗਰਿਕਾਂ 'ਤੇ ਪਵੇਗਾ, ਜੋ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਵੱਡੀ ਮਾਰ ਝੱਲ ਰਹੇ ਹਨ।

ਇਸ ਲਈ ਸਰਕਾਰ ਇਹ ਫ਼ੈਸਲਾ ਤੁਰੰਤ ਵਾਪਸ ਲਏ। ਪ੍ਰੋ. ਬਲਜਿੰਦਰ ਕੌਰ ਅਤੇ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਵਪਾਰੀ-ਕਾਰੋਬਾਰੀ ਅਤੇ ਕਿਸਾਨੀ ਸੰਕਟ ਦੇ ਮੱਦੇਨਜ਼ਰ ਬਿਹਤਰ ਹੁੰਦਾ ਕਿ ਸੂਬਾ ਸਰਕਾਰ ਡੀਜ਼ਲ ਅਤੇ ਪੈਟਰੋਲ 'ਤੇ ਆਪਣੇ ਹਿੱਸੇ ਦੇ ਵੈਟ 'ਤੇ ਛੋਟ ਦਿੰਦੀ ਪਰ ਇਸ ਦੇ ਉਲਟ ਸਰਕਾਰ ਡੀਜ਼ਲ-ਪੈਟਰੋਲ ਅਤੇ ਬਿਜਲੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਰ ਰਹੀ ਹੈ, ਜਿਸ ਤੋਂ ਸਾਫ਼ ਹੈ ਕਿ ਲੋਕ ਸਰਕਾਰ ਦੇ ਏਜੰਡੇ 'ਤੇ ਨਹੀਂ ਹਨ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਸ਼ਹਿਰੀ ਖੇਤਰਾਂ 'ਚ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ 'ਤੇ ਪ੍ਰਤੀ ਲਿਟਰ 10 ਪੈਸੇ ਵਾਧੂ ਸੈੱਸ ਲਾਇਆ ਹੈ।


Anuradha

Content Editor

Related News