ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ : ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ ਬਲਬੀਰ ਰਾਜੇਵਾਲ!

12/12/2021 8:39:07 AM

ਜਲੰਧਰ - 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮੈਦਾਨ ਭੱਖ਼ ਗਿਆ ਹੈ। ਜੋੜ-ਤੋੜ ਦੀ ਸਿਆਸਤ ਸਿਖ਼ਰ ’ਤੇ ਹੈ। ਅਕਾਲੀ ਦਲ ਕਾਂਗਰਸ, ‘ਆਪ’ ਤੇ ਭਾਜਪਾ ਚੋਣ ਜਿੱਤਣ ਲਈ ਪੂਰੀ ਵਾਹ ਲਗਾ ਰਹੀਆਂ ਹਨ। ਅਜਿਹੇ ’ਚ ਆਮ ਆਦਮੀ ਪਾਰਟੀ ਦੇ ਸਾਹਮਣੇ ਮੁੱਖ ਮੰਤਰੀ ਦਾ ਚਿਹਰਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਹਿਆ ਹੈ। ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਗੱਲਬਾਤ ਚੱਲ ਰਹੀ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਰਾਜੇਵਾਲ ਨੂੰ ਲੈ ਕੇ ਆਮ ਆਦਮੀ ਪਾਰਟੀ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੀ ਹੈ। ਇਕ ਪਾਸੇ ਉਹ ਸਿੱਖ ਚਿਹਰੇ ਨੂੰ ਉਮੀਦਵਾਰ ਲੈਣਾ ਚਾਹੁੰਦੇ ਹਨ ਤੇ ਦੂਸਰਾ ਕਿਸਾਨੀ ਵੋਟ ਬੈਂਕ ਨੂੰ ਵੀ ਕੈਸ਼ ਕਰ ਸਕਦੇ ਹਨ। 

ਬੇਸ਼ੱਕ ਪਾਰਟੀ ਜਾਂ ਫਿਰ ਬਲਬੀਰ ਰਾਜੇਵਾਲ ਨੇ ਕਦੇ ਕਿਸੇ ਮੀਟਿੰਗ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਸ ਗੱਲ ਦੀਆਂ ਸਰਗੋਸ਼ੀਆਂ ਪੂਰੀ ਤਰ੍ਹਾਂ ਫੈਲ ਰਹੀਆਂ ਹਨ ਕਿ ਅਗਲੇ ਦਿਨਾਂ ’ਚ ਇਹ ਐਲਾਨ ਕੀਤਾ ਜਾ ਸਕਦਾ ਹੈ। ਸਿਆਸੀ ਪੰਡਿਤਾਂ ਮੁਤਾਬਕ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਬਲਬੀਰ ਸਿੰਘ ਰਾਜੇਵਾਲ ਦੋਵੇਂ ਇਸ ਸ਼ਸ਼ੋਪੰਜ ਵਿਚ ਸਨ ਕਿ ਕਿਸਾਨ ਅੰਦੋਲਨ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਕਰ ਕੇ ਰਾਜਨੀਤੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਫ਼ੈਸਲਾ ਲੈਣਾ ਔਖਾ ਸੀ। ਹੁਣ ਜਦਕਿ ਅੰਦੋਲਨ ਸਫ਼ਲਤਾਪੂਰਵਕ ਆਪਣੀਆਂ ਮੰਗਾਂ ਮੰਨਵਾ ਕੇ ਘਰ ਪਰਤ ਰਿਹਾ ਹੈ ਤਾਂ ਅਜਿਹੇ ’ਚ ਬਲਬੀਰ ਸਿੰਘ ਰਾਜੇਵਾਲ ਇਕ ਵੱਡੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਹਨ ਅਤੇ ਹੁਣ ਉਹ ਆਪਣੇ ਭਵਿੱਖ ਦਾ ਫ਼ੈਸਲਾ ਆਜ਼ਾਦੀ ਨਾਲ ਕਰ ਸਕਦੇ ਹਨ।

ਹਾਲਾਂਕਿ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਕਿਸਾਨ ਅੰਦੋਲਨ ਪੰਜਾਬ ’ਚ ਸਿਖ਼ਰ ’ਤੇ ਰਿਹਾ ਹੈ ਤੇ ਅੰਦੋਲਨ ਕਾਰਨ ਵੱਡਾ ਵੋਟ ਬੈਂਕ ਇਕ ਖ਼ਾਸ ਤਬਕੇ ਨਾਲ ਵੀ ਜੁੜ ਚੁੱਕਾ ਹੈ। ਇਸ ਵੋਟ ਬੈਂਕ ’ਚ ਪਿੰਡਾਂ ਦਾ ਵੋਟ ਵੱਡੇ ਪੱਧਰ ’ਤੇ ਜੁੜਿਆ ਹੋਇਆ ਹੈ, ਕਿਉਂਕਿ ਕਿਸਾਨੀ ਤਬਕਾ ਮੁੱਖ ਰੂਪ ਵਿੱਚ ਪੇਂਡੂ ਖਿੱਤੇ ਵਿਚ ਰਹਿੰਦਾ ਹੈ। ਅਜਿਹੇ ਵਿਚ ਹਰ ਸਿਆਸੀ ਪਾਰਟੀ ਇਸ ਵੋਟ ਬੈਂਕ ਨੂੰ ਕੈਸ਼ ਕਰਨਾ ਚਾਹੁੰਦੀ ਹੈ ਤਾਂ ‘ਆਪ’ ਵੀ ਬਲਬੀਰ ਰਾਜੇਵਾਲ ਰਾਹੀਂ ਇਸ ਵੋਟ ਬੈਂਕ ਨੂੰ ਕੈਸ਼ ਕਰਨ ਦਾ ਯਤਨ ਕਰ ਸਕਦੀ ਹੈ। 

ਇਸ ਕਰਕੇ ਪੂਰੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਰਾਜੇਵਾਲ ਵੱਡਾ ਧਮਾਕਾ ਕਰ ਸਕਦੇ ਹਨ। ਦੱਸਣਾ ਬਣਦਾ ਹੈ ਕਿ ਬਲਬੀਰ ਰਾਜੇਵਾਲ ਦੀਆਂ ਪਿਛਲੇ ਦਿਨਾਂ ਦੀਆਂ ਤਕਰੀਰਾਂ ’ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਟਿੱਪਣੀਆਂ ਤਾਂ ਸੁਣਨ ਨੂੰ ਮਿਲੀਆਂ ਹਨ ਪਰ ‘ਆਪ’ ਖ਼ਿਲਾਫ਼ ਉਨ੍ਹਾਂ ਨੇ ਕਦੇ ਗੰਭੀਰ ਤੰਜ ਨਹੀਂ ਕੀਤਾ।

ਸਿੱਖ ਚਿਹਰਾ ਹੋਵੇਗਾ ‘ਆਪ’ ਦਾ ਸੀ. ਐੱਮ. ਉਮੀਦਵਾਰ : ਕੇਜਰੀਵਾਲ
‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਇਹ ਕਿਹਾ ਹੋਇਆ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਸਿੱਖ ਹੋਵੇਗਾ ਅਤੇ ਅਜਿਹਾ ਹੋਵੇਗਾ ਕਿ ਹਰ ਪੰਜਾਬੀ ਨੂੰ ਉਸ ਉੱਤੇ ਮਾਣ ਹੋਵੇਗਾ। ਅਜਿਹੇ ’ਚ ਰਾਜੇਵਾਲ ਦਾ ਆਪ ’ਚ ਜਾਣ ਅਤੇ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦੀਆਂ ਸੰਭਾਵਨਾਵਾਂ ਹੋਰ ਵੀ ਵਧ ਜਾਂਦੀਆਂ ਹਨ, ਕਿਉਂਕਿ ਕਿਸਾਨ ਅੰਦੋਲਨ ਦੀ ਜਿੱਤ ਵਿਚ ਬਲਬੀਰ ਰਾਜੇਵਾਲ ਦੀ ਮੋਹਰੀ ਭੂਮਿਕਾ ਰਹੀ ਹੈ।  ਪੰਜਾਬ ਕਿਸਾਨ ਪੱਖੀ ਵੋਟ ਵਿਚ ਉਨ੍ਹਾਂ ਦਾ ਖ਼ਾਸਾ ਪ੍ਰਭਾਵ ਵੀ ਹੈ। ਦੂਜੇ ਪਾਸੇ ਹੁਣ ਤੱਕ ਭਗਵੰਤ ਮਾਨ ਨੂੰ ਹੁਣ ਤੱਕ ਮੁੱਖ ਮੰਤਰੀ ਉਮੀਦਵਾਰ ਨਾ ਐਲਾਨਣਾ ਵੀ ਸੰਕੇਤ ਦਿੰਦਾ ਹੈ ਕਿ ਆਪ ਕਿਸੇ ਹੋਰ ਆਗੂ ਦੀ ਭਾਲ ਵਿਚ ਹੈ।

ਰਾਘਵ ਚੱਢਾ ਵੱਲੋਂ ਰਾਜੇਵਾਲ ਦੀ ਤਾਰੀਫ਼
ਬੀਤੇ ਦਿਨ ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਇਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਬਲਬੀਰ ਰਾਜੇਵਾਲ ਦੀ ਖੂਬ ਤਾਰੀਫ਼ ਕੀਤੀ ਸੀ। ਜਦੋਂ ਉਨ੍ਹਾਂ ਨੂੰ ਭਗਵੰਤ ਮਾਨ, ਸੋਨੂੰ ਸੂਦ, ਨਵਜੋਤ ਸਿੱਧੂ ਅਤੇ ਬਲਬੀਰ ਰਾਜੇਵਾਲ ਸਬੰਧੀ ਪੁੱਛਿਆ ਗਿਆ ਤਾਂ ਰਾਘਵ ਨੇ ਰਾਜੇਵਾਲ ਦੀਆਂ ਤਾਰੀਫ਼ਾਂ ਕਰਦਿਆਂ ਕਿਹਾ ਕਿ ਉਹ ਬਹੁਤ ਚੰਗੇ ਅਤੇ ਵੱਡੇ ਕਿਸਾਨ ਆਗੂ ਹਨ। ਰਾਜੇਵਾਲ ਅਤੇ ਦੂਜੀਆਂ ਸਮੂਹ ਜਥੇਬੰਦੀਆਂ ਨੇ ਹੰਕਾਰੀ ਸਰਕਾਰ ਨੂੰ ਗੋਡਿਆਂ ਭਾਰ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ ਜਿਨ੍ਹਾਂ ਨੂੰ ਮੈਂ ਸਲਾਮ ਕਰਦਾ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਰਾਜੇਵਾਲ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਤਾਂ ਰਾਘਵ ਨੇ ਇਨਕਾਰ ਕਰਨ ਦੀ ਬਜਾਏ ਗੱਲ ਹੋਰ ਪਾਸੇ ਨੂੰ ਤੋਰ ਲਈ।


rajwinder kaur

Content Editor

Related News