ਕੰਬੋਡੀਆ ''ਚ ਫਸੇ 47 ਪੰਜਾਬੀਆਂ ਦੀ ਵਾਪਸੀ ਲਈ ''ਆਪ'' ਦੀ ਕੇਂਦਰ ਨੂੰ ਅਪੀਲ

Saturday, Jun 22, 2019 - 01:37 PM (IST)

ਕੰਬੋਡੀਆ ''ਚ ਫਸੇ 47 ਪੰਜਾਬੀਆਂ ਦੀ ਵਾਪਸੀ ਲਈ ''ਆਪ'' ਦੀ ਕੇਂਦਰ ਨੂੰ ਅਪੀਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ 3 ਮੈਂਬਰੀ ਵਫਦ ਵਲੋਂ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਹੈ, ਜਿਸ 'ਚ ਕੰਬੋਡੀਆ 'ਚ ਪਿਛਲੇ 2 ਮਹੀਨਿਆਂ ਤੋਂ ਫਸੇ ਹੋਏ 47 ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਗਈ ਹੈ। ਇਸ ਵਫਦ 'ਚ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਅਤੇ ਮਹਿਲਾ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਹਨ।

ਇਸ ਬਾਰੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਜੈ ਕਿਸ਼ਨ ਰੋੜੀ ਨੇ ਦੱਸਿਆ ਕਿ ਇਨ੍ਹਾਂ 'ਚੋਂ 7 ਅਜਿਹੇ ਨੌਜਵਾਨ ਹਨ, ਜਿਨ੍ਹਾਂ ਨੂੰ ਇਮੀਗ੍ਰੇਸ਼ਨ ਏਜੰਟਾਂ ਵਲੋਂ ਧੋਖੇ ਨਾਲ ਕੰਬੋਡੀਆ ਭੇਜਿਆ ਗਿਆ ਹੈ ਅਤੇ ਹੁਣ ਉਹ ਇਕ ਹੋਟਲ 'ਚ ਫਸੇ ਹੋਏ ਹਨ, ਜੋ ਕਿ 'ਆਪ' ਦੀ ਪੰਜਾਬ ਯੂਨਿਟ ਦੇ ਸੰਪਰਕ 'ਚ ਹਨ। ਉਨ੍ਹਾਂ ਦੱਸਿਆ ਕਿ ਹੋਟਲ 'ਚ ਉਕਤ ਨੌਜਵਾਨਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਪਰ ਜਦੋਂ ਇਹ ਪਤਾ ਲੱਗਿਆ ਕਿ ਉਕਤ ਨੌਜਵਾਨ ਭਾਰਤੀ ਅਥਾਰਟੀ ਦੇ ਸੰਪਰਕ 'ਚ ਹਨ ਤਾਂ ਉਨ੍ਹਾਂ ਦੇ ਪਾਸਪੋਰਟ ਵਾਪਸ ਕਰ ਦਿੱਤੇ ਗਏ।

'ਆਪ' ਦੇ ਵਫਦ ਨੇ ਕਿਹਾ ਕਿ ਅਜਿਹੇ ਹੀ ਬਹੁਤ ਸਾਰੇ ਪੰਜਾਬੀ ਨੌਜਵਾਨ ਕੰਬੋਡੀਆ 'ਚ ਫਸੇ ਹੋਏ ਹਨ, ਜਿਨ੍ਹਾਂ ਦੀ ਗਿਣਤੀ 47 ਤੋਂ ਵੀ ਜ਼ਿਆਦਾ ਹੈ। ਵਫਦ ਵਲੋਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਉਕਤ ਨੌਜਵਾਨਾਂ ਨੂੰ ਕੰਬੋਡੀਆ 'ਚ ਭਾਰਤੀ ਦੂਤਘਰ ਰਾਹੀਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇ।


author

Babita

Content Editor

Related News