ਜ਼ੀਰਕਪੁਰ ਦੇ ਬਲਟਾਣਾ ਤੋਂ ''ਆਪ'' ਨੇ ਚੋਣਾਂ ਦਾ ਬਿਗੁਲ ਵਜਾਇਆ
Saturday, Jan 09, 2021 - 03:02 PM (IST)
ਜ਼ੀਰਕਪੁਰ (ਮੇਸ਼ੀ) : ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਸਿਆਸੀ ਗਲਿਆਰਿਆਂ 'ਚ ਚੋਣ ਮੁਹਿੰਮ ਤੇਜ਼ ਹੋ ਗਈ ਹੈ। ਹਰ ਸਿਆਸੀ ਪਾਰਟੀ ਚੋਣਾਂ 'ਚ ਆਪਣੇ-ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ 'ਚ ਜੁੱਟ ਗਈ ਹੈ। ਹਾਲਾਂਕਿ ਚੋਣਾਂ ਦੀ ਮਿਤੀ ਬਾਰੇ ਅਜੇ ਕੋਈ ਐਲਾਨ ਨਹੀਂ ਹੋਇਆ ਪਰ ਫਿਰ ਵੀ ਹਰ ਪਾਰਟੀ ਚੋਣਾਂ 'ਚ ਕਿਸੇ ਕਿਸਮ ਦੀ ਕਮੀ ਨਹੀਂ ਛੱਡਣਾ ਚਾਹੁੰਦੀ, ਜਿਸ ਦੇ ਮੱਦੇਨਜ਼ਰ ਨਗਰ ਕੌਂਸਲ ਚੋਣਾਂ 'ਚ ਪਹਿਲੀ ਵਾਰ ਕਿਸਮਤ ਅਜ਼ਮਾ ਰਹੀ ਆਮ ਆਦਮੀ ਪਾਰਟੀ ਨੇ ਜ਼ੀਰਕਪੁਰ ਵਿਖੇ ਬਲਟਾਣਾ ਦੇ ਹਰਮਿਲਾਪ ਨਗਰ ਤੋਂ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ।
ਇਸ ਮੌਕੇ ਸੀਨੀਅਰ ਆਗੂ ਕੁਲਜੀਤ ਸਿੰਘ ਰੰਧਾਵਾ ਨੇ ਪਾਰਟੀ 'ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਨਗਰ ਕੌਂਸਲ ਚੋਣਾਂ 'ਚ ਆਮਦ ਨਾਲ ਲੋਕਾਂ 'ਚ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੇ ਬਾਰਡਰ ’ਤੇ ਬੈਠ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ। ਦੂਜੇ ਪਾਸੇ ਸੂਬਾ ਸਰਕਾਰ ਮੌਜੂਦਾ ਹਾਲਾਤਾਂ ਦਾ ਲਾਭ ਉਠਾਉਂਦੇ ਹੋਏ ਸੱਤਾ ’ਤੇ ਆਪਣੀ ਬਾਦਸ਼ਾਹਤ ਬਰਕਰਾਰ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਇੱਕ ਵੱਡੇ ਬਦਲਾਅ ਦੀ ਇੱਛਾ ਰੱਖਦੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੋਗ ਅਤੇ ਸੂਝਵਾਨ ਉਮੀਦਵਾਰਾਂ ਦੀ ਚੋਣ ਕਰਕੇ ਚੰਗੇ ਪ੍ਰਸ਼ਾਸਨ ਦਾ ਨਿਰਮਾਣ ਕਰਨ। ਇਸ ਮੌਕੇ ਕੇ. ਐਸ. ਚੌਹਾਨ, ਬੀਬੀ ਸਵਰਨਜੀਤ ਕੌਰ, ਰਮੇਸ਼ ਸ਼ਰਮਾ, ਬਾਬਲਪ੍ਰੀਤ, ਦਲਿਤ ਆਗੂ ਗੁਲਜਾਰ ਸਿੰਘ ਸੀਨੀਅਰ, ਅਭਿਸ਼ੇਕ ਗੋਇਲ, ਸੁਨੀਤਾ ਗੋਇਲ, ਰੇਖਾ ਮਿੱਤਲ, ਗੀਤਾ ਬਾਂਸਲ, ਸੁਦੇਸ਼ ਲਤਾ, ਸ਼ਮਾ ਗਰਗ, ਸਤੀਸ਼ ਗੋਇਲ, ਅਵਦੇਸ਼ ਕੁਮਾਰ, ਸ਼ੰਕਰ ਕੁਮਾਰ, ਗੌਰਵ ਬਾਂਸਲ, ਇਮਰਾਨ ਖਾਨ, ਮੋਨਿਕਾ ਬਾਂਸਲ, ਡਿੰਪਲ, ਅੰਸ਼ੂ, ਮਨੀਸ਼ਾ ਤੋਂ ਇਲਾਵਾ ਬਹੁਤ ਸਾਰੇ ਲੋਕ ਪਾਰਟੀ 'ਚ ਸ਼ਾਮਲ ਹੋਏ।