'ਆਪ' ਤੋਂ ਟਲੇ ਸੰਕਟ ਦੇ ਬੱਦਲ, ਅਸਤੀਫਾ ਨਹੀਂ ਦੇਣਗੇ ਬਾਗੀ ਵਿਧਾਇਕ!

Friday, Jan 18, 2019 - 12:01 PM (IST)

'ਆਪ' ਤੋਂ ਟਲੇ ਸੰਕਟ ਦੇ ਬੱਦਲ, ਅਸਤੀਫਾ ਨਹੀਂ ਦੇਣਗੇ ਬਾਗੀ ਵਿਧਾਇਕ!

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ 'ਤੇ ਸੰਕਟ ਦੇ ਬੱਦਲ ਛਾ ਗਏ ਸਨ ਅਤੇ ਪਾਰਟੀ ਦਾ ਵਿਰੋਧੀ ਧਿਰ ਦਾ ਅਹੁਦਾ ਖਤਰੇ 'ਚ ਪੈ ਗਿਆ ਸੀ, ਜੇਕਰ ਇਕ ਵੀ ਹੋਰ ਵਿਧਾਇਕ ਅਸਤੀਫਾ ਦੇ ਦਿੰਦਾ ਪਰ ਹੁਣ ਇਹ ਸੰਕਟ ਦੇ ਬੱਦਲ ਪਾਰਟੀ ਤੋਂ ਟਲਦੇ ਦਿਖਾਈ ਦੇ ਰਹੇ ਹਨ ਕਿਉਂਕਿ ਸੂਤਰਾਂ ਮੁਤਾਬਕ ਬਾਗੀ ਧੜੇ ਦੇ ਬਾਕੀ 5 ਵਿਧਾਇਕਾਂ ਨੇ ਪਾਰਟੀ ਜਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਮਾਨਸਾ ਤੋਂ ਨਾਜ਼ਰ ਸਿੰਘ,  ਮੌੜ ਤੋਂ ਜਗਦੇਵ ਸਿੰਘ ਕਮਾਲੂ, ਭਦੌੜ ਤੋਂ ਪਿਰਮਲ ਸਿੰਘ ਧੌਲਾ, ਰਾਏਕੋਟ ਤੋਂ ਜਗਤਾਰ ਸਿੰਘ ਜੱਗਾ, ਖਰੜ ਤੋਂ ਕੰਵਰ ਸੰਧੂ ਦਾ ਕਹਿਣਾ ਹੈ ਕਿ ਉਹ ਆਪੋ-ਆਪਣੇ ਹਲਕਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ।

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿਧਾਇਕਾਂ ਦੇ ਭਾਵੇਂ ਹੀ ਪਾਰਟੀ ਨਾਲ ਮਤਭੇਦ ਅਜੇ ਵੀ ਬਰਕਰਾਰ ਹਨ ਪਰ ਉਹ ਅਸਤੀਫਾ ਨਹੀਂ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਹੋਰ ਪਾਰਟੀ (ਪੰਜਾਬੀ ਏਕਤਾ ਪਾਰਟੀ) 'ਚ ਜਾਣ ਦਾ ਕੋਈ ਇਰਾਦਾ ਹੈ। ਉਕਤ ਵਿਧਾਇਕਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀਆਂ ਧਿਰਾਂ ਦਾ ਸਾਥ ਦੇਣਗੇ।


author

Babita

Content Editor

Related News