ਸ਼ਨੀ ਦੀ ਤਿਰਛੀ ਨਜ਼ਰ ''ਚ ਹੈ ''ਆਪ''
Wednesday, Jan 09, 2019 - 10:09 AM (IST)
ਜਲੰਧਰ (ਧਵਨ) : ਪੰਜਾਬ 'ਚ ਐੱਚ. ਐੱਸ. ਫੂਲਕਾ, ਸੁਖਪਾਲ ਸਿੰਘ ਖਹਿਰਾ ਅਤੇ ਉਸ ਤੋਂ ਬਾਅਦ ਕਈ ਹੋਰ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਆਮ ਆਦਮੀ ਪਾਰਟੀ 'ਚ ਹੋ ਰਹੀ ਭਾਰੀ ਹਿਲਜੁਲ ਨੂੰ ਲੈ ਕੇ ਇਕ ਪਾਸੇ ਜਿਥੇ ਹੈਰਾਨੀ ਜ਼ਾਹਿਰ ਕੀਤੀ ਜਾ ਰਹੀ ਹੈ, ਉਥੇ ਹੀ ਜੋਤਿਸ਼ੀ ਡਾ. ਪਰਵੇਸ਼ (ਮੋਚਪੁਰਾ ਲੁਧਿਆਣਾ) ਨੇ ਆਮ ਆਦਮੀ ਪਾਰਟੀ ਦੀ ਕੁੰਡਲੀ ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਨੀ ਦੀ ਤਿਰਛੀ ਨਜ਼ਰ 'ਚੋਂ ਆਮ ਆਦਮੀ ਪਾਰਟੀ ਅਤੇ ਉਸ ਦੇ ਨੇਤਾ ਲੰਘ ਰਹੇ ਹਨ।
ਆਮ ਆਦਮੀ ਪਾਰਟੀ ਦੀ ਜਨਮ ਕੁੰਡਲੀ ਮਕਰ ਲਗਨ ਅਤੇ ਸਿੰਘ ਨਵਾਂਸ਼ ਦੀ ਹੈ। ਉਸ ਦੇ 10ਵੇਂ ਘਰ 'ਚ ਬੁੱਧ, ਸ਼ੁੱਕਰ ਅਤੇ ਸ਼ਨੀ ਬਿਰਾਜਮਾਨ ਹੈ ਜਦਕਿ ਸੂਰਜ ਅਤੇ ਰਾਹੂ ਦੀ ਯੁਤੀ 11ਵੇਂ ਘਰ 'ਚ ਹੈ। ਚੰਦਰਮਾ ਚੌਥੇ ਘਰ ਅਤੇ ਮੰਗਲ 12ਵੇਂ ਘਰ 'ਚ ਬਿਰਾਜਮਾਨ ਹੈ। ਡਾ. ਪਰਵੇਸ਼ ਨੇ ਕਿਹਾ ਕਿ ਇਿਸ ਸਮੇਂ ਸ਼ੁੱਕਰ 'ਚ ਰਾਹੂ ਦੀ ਅੰਤਰਦਸ਼ਾ ਅਤੇ ਬੁੱਧ ਦੀ ਪ੍ਰਤਯੰਤਰ ਆਮ ਆਦਮੀ ਪਾਰਟੀ ਨੂੰ ਚਲ ਰਿਹਾ ਹੈ, ਜੋ ਕਿ 24 ਅਪ੍ਰੈਲ 2019 ਤਕ ਰਹੇਗਾ। ਉਸ ਤੋਂ ਬਾਅਦ ਕੇਤੂ ਦਾ ਪ੍ਰਤਯੰਤਰ 26 ਜੂਨ 2019 ਤਕ ਚੱਲੇਗਾ। 6ਵੇਂ ਭਾਵ ਦਾ ਬੁੱਧ ਦਸ਼ਮ ਭਾਵ 'ਚ ਹੋਣ ਕਾਰਨ ਸਹਿਯੋਗੀ ਸੰਤੁਸ਼ਟ ਨਹੀਂ ਹੁੰਦੇ। ਉਂਝ ਵੀ ਬੁੱਧ ਡਾਵਾਂਡੋਲ ਸੁਭਾਅ ਦਾ ਗ੍ਰਹਿ ਹੈ। ਸੂਰਜ ਅਤੇ ਰਾਹੂ ਦੇ 11ਵੇਂ ਭਾਵ 'ਚ ਹੋਣ ਨਾਲ ਸਹਿਯੋਗੀਆਂ ਨਾਲ ਮਤਭੇਦ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਕੁੰਡਲੀ 'ਚ ਭਾਵੇਂ ਕਈ ਰਾਜਯੋਗ ਹਨ ਪਰ ਗੋਚਰ 'ਚ ਚੰਦਰਮਾ ਤੋਂ ਅਸ਼ਟਮ ਸ਼ਨੀ ਚਲ ਰਹੇ ਹਨ, ਜੋ ਮੁਸ਼ਕਲਾਂ ਪੈਦਾ ਕਰ ਰਹੇ ਹਨ। ਉਨ੍ਹਾਂ ਦੀ ਜਨਮ ਕੁੰਡਲੀ 'ਚ ਰਾਹੂ ਮਹਾਦਸ਼ਾ 'ਚ ਰਾਹੂ ਦੀ ਅੰਤਰਦਸ਼ਾ ਅਤੇ ਸ਼ਨੀ ਦੀ ਪ੍ਰਤਯੰਤਰ ਦਸ਼ਾ ਚਲ ਰਹੀ ਹੈ। ਸ਼ਨੀ ਦੀ ਤਿਰਛੀ ਨਜ਼ਰ ਹੋਣ ਕਾਰਨ ਹੀ ਆਮ ਆਦਮੀ ਪਾਰਟੀ 'ਚ ਉਥਲ-ਪੁਥਲ ਮਚ ਰਹੀ ਹੈ।
ਹਾਲਾਂਕਿ ਗੋਚਰ 'ਚ ਗੁਰੂ ਮਹਾਰਾਜ 'ਆਪ' ਦੀ ਕੁੰਡਲੀ 'ਚ ਅਤੇ ਕੇਜਰੀਵਾਲ ਦੀ ਕੁੰਡਲੀ 'ਚ ਗੰਗਾਜਲ ਛਿੜਕਣ ਦਾ ਕੰਮ ਕਰ ਰਹੇ ਹਨ ਪਰ ਸ਼ਨੀ ਦੀ ਤਿਰਛੀ ਨਜ਼ਰ ਜਨਵਰੀ 2020 ਤਕ ਪਾਰਟੀ ਨੂੰ ਸਥਿਰ ਨਹੀਂ ਹੋਣ ਦੇਵੇਗੀ। ਸੰਖੇਪ 'ਚ ਆਮ ਆਦਮੀ ਪਾਰਟੀ ਨੂੰ ਸ਼ਨੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ, ਇਸ ਲਈ ਆਉਣ ਵਾਲੇ ਦਿਨਾਂ 'ਚ ਪਾਰਟੀ ਦੇ ਅੰਦਰ ਹੋਰ ਵੀ ਉਥਲ-ਪੁਥਲ ਹੋਣ ਦੀਆਂ ਸੰਭਾਵਨਾਵਾਂ ਨੂੰ ਨਕਾਰਾ ਨਹੀਂ ਕੀਤਾ ਜਾ ਸਕਦਾ ਹੈ।
