ਜਲੰਧਰ ਲੋਕ ਸਭਾ ਸੀਟ 'ਤੇ ਹੋਵੇਗੀ ਤਿੱਖੀ ਟੱਕਰ, ਅੰਕੜਿਆਂ 'ਚ ਜਾਣੋ ਲੇਖਾ-ਜੋਖਾ

Thursday, Apr 06, 2023 - 05:27 PM (IST)

ਜਲੰਧਰ ਲੋਕ ਸਭਾ ਸੀਟ 'ਤੇ ਹੋਵੇਗੀ ਤਿੱਖੀ ਟੱਕਰ, ਅੰਕੜਿਆਂ 'ਚ ਜਾਣੋ ਲੇਖਾ-ਜੋਖਾ

ਜਲੰਧਰ (ਸੋਮਨਾਥ) : ਕਾਂਗਰਸ ਦੀ ਟਿਕਟ ’ਤੇ ਜਲੰਧਰ ਲੋਕ ਸਭਾ ਸੀਟ ’ਤੇ ਉਪ ਚੋਣ ਲੜਨ ਦੀ ਇੱਛਾ ਜਤਾਉਂਦੇ-ਜਤਾਉਂਦੇ ਆਖਿਰ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ’ਤੇ ਕਾਂਗਰਸ ਵੱਲੋਂ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਿਸ ਨੂੰ ਹਮਦਰਦੀ ਦੀ ਵੋਟ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਦਿਹਾਂਤ ਦੇ ਬਾਅਦ ਤੋਂ ਹੀ ਸੁਸ਼ੀਲ ਰਿੰਕੂ ਕਾਂਗਰਸ ਦੀ ਟਿਕਟ ਮੰਗ ਰਹੇ ਸਨ ਅਤੇ ਇਸ ਲਈ ਉਹ ਉਪਰ ਤੱਕ ਪਹੁੰਚ ਕਰ ਚੁੱਕੇ ਸਨ ਪਰ ਉਨ੍ਹਾਂ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਦੀ ਨਾਰਾਜ਼ਗੀ ਵਧਦੀ ਜਾ ਰਹੀ ਸੀ। ਕੁਝ ਦਿਨ ਪਹਿਲਾਂ ਜਦੋਂ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ਦੇ ਬਾਜ਼ਾਰ ਨੇ ਜ਼ੋਰ ਫੜਿਆ ਤਾਂ ਪਾਰਟੀ ਦੇ ਆਲਾ ਨੇਤਾ ਉਨ੍ਹਾਂ ਨੂੰ ਮਨਾਉਣ ਲਈ ਪੂਰਾ ਜ਼ੋਰ ਲਗਾਉਂਦੇ ਰਹੇ। ਇਹ ਵੀ ਚਰਚਾ ਹੈ ਕਿ ਟਿਕਟ ਨੂੰ ਲੈ ਕੇ ਪਾਰਟੀ ਹਾਈਕਮਾਨ ਕੋਲ ਵੀ ਦੁਬਾਰਾ ਵਿਚਾਰ ਕੀਤੇ ਜਾਣ ਦੀ ਗੱਲ ਵੀ ਪਹੁੰਚੀ ਪਰ ਪਾਰਟੀ ਹਾਈਕਮਾਨ ਵੱਲੋਂ ਪਹਿਲਾਂ ਤੋਂ ਉਮੀਦਵਾਰ ਐਲਾਨੇ ਕਰਮਜੀਤ ਕੌਰ ਨਾਲ ਖੜ੍ਹੇ ਹੋਣ ਤੋਂ ਸੁਸ਼ੀਲ ਰਿੰਕੂ ਕੋਲ ਦੂਜਾ ਕੋਈ ਚਾਰਾ ਵੀ ਨਹੀਂ ਬਚਿਆ ਸੀ। ਹੁਣ ਜਦਕਿ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ‘ਆਪ’ ਦੀ ਟਿਕਟ ’ਤੇ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤਾਂ ਕੀ ਉਹ ਆਸਾਨੀ ਨਾਲ ਜਲੰਧਰ ਸੰਸਦ ਸੀਟ ਜਿੱਤ ਪਾਉਣਗੇ। ਸਿਆਸਤ ਦੇ ਮਾਹਿਰਾਂ ਦੀ ਮੰਨੀਏ ਤਾਂ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਵੋਟ ਬੈਂਕ ’ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਨੂੰ ਜਿੱਤ ਲਈ ਕਾਫੀ ਜ਼ੋਰ ਲਗਾਉਣਾ ਪਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਨੇਤਾਵਾਂ ਦਾ ਭਵਿੱਖ ਤੈਅ ਕਰੇਗੀ ‘ਜਲੰਧਰ’ ਸੀਟ! ਹੋਵੇਗਾ ਚਹੁੰਤਰਫਾ ਮੁਕਾਬਲਾ

2019 ’ਚ 19491 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਕਾਂਗਰਸ
ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ 2019 ਵਿਚ ਹੋਈਆਂ ਚੋਣਾਂ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸੀ। ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਨੂੰ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ ਗਿਆ ਸੀ। ਇਸ ਮੁਕਾਬਲੇ ਵਿਚ ਚੌਧਰੀ ਨੇ ਅਟਵਾਲ ਨੂੰ 19491 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

2022 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ 9 ਹਲਕਿਆਂ ਵਿਚ ਮਿਲੀਆਂ ਵੋਟਾਂ
ਇਸ ਤੋਂ ਬਾਅਦ ਸਾਲ 2022 ਵਿਚ ਪੰਜਾਬ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿਚ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 5 ’ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਅਤੇ 4 ਵਿਧਾਨ ਸਭਾ ਹਲਕਿਆਂ ਨਕੋਦਰ, ਕਰਤਾਰਪੁਰ, ਜਲੰਧਰ ਵੈਸਟ ਅਤੇ ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲੋਕਾਂ ਨੇ ਪੰਜਾਬ ਵਿਧਾਨ ਸਭਾ ਵਿਚ ਭੇਜਿਆ ਸੀ। ਆਮ ਆਦਮੀ ਪਾਰਟੀ ਨੂੰ ਕੁੱਲ 287042 ਵੋਟਾਂ ਮਿਲੀਆਂ ਸਨ। ਫਿਲੌਰ-34478, ਨਕੋਦਰ-42868, ਸ਼ਾਹਕੋਟ-29348, ਕਰਤਾਰਪੁਰ-41830, ਜਲੰਧਰ ਵੈਸਟ-39,213, ਜਲੰਧਰ ਸੈਂਟਰਲ-33011, ਜਲੰਧਰ ਨਾਰਥ-32,685, ਜਲੰਧਰ ਕੈਂਟ-34,662, ਆਦਮਪੁਰ-28,947 ਵੋਟਾਂ। ਦੂਜੇ ਪਾਸੇ ਇਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ 3,67,922 ਵੋਟਾਂ ਮਿਲੀਆਂ ਜੋ ਇਸ ਤਰ੍ਹਾਂ ਹਨ-ਫਿਲੌਰ-48288, ਨਕੋਦਰ-36,068, ਸ਼ਾਹਕੋਟ-51661, ਕਰਤਾਰਪੁਰ 37256, ਜਲੰਧਰ ਕੈਂਟ 34,486, ਜਲੰਧਰ ਸੈਂਟਰਲ-32764, ਜਲੰਧਰ ਨਾਰਥ-47,338, ਜਲੰਧਰ ਕੈਂਟ-40,507, ਆਦਮਪੁਰ-39,554 ਵੋਟਾਂ। ਇਸ ਹਿਸਾਬ ਨਾਲ ਕਾਂਗਰਸ ਨੂੰ 80 ਹਜ਼ਾਰ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ। ਜੇਕਰ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿਚ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਦੀਆਂ ਵੋਟਾਂ ਨੂੰ ਵੀ ਮਿਲਾ ਲਿਆ ਜਾਵੇ ਤਾਂ ਲਗਭਗ 46 ਹਜ਼ਾਰ ਤੋਂ ਜ਼ਿਆਦਾ ਵੋਟਾਂ ਆਮ ਆਦਮੀ ਪਾਰਟੀ ਨੂੰ ਜਿੱਤ ਲਈ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਸਕੂਲ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ

ਪਿੰਡਾਂ ’ਚ ਆਧਾਰ ਮਜ਼ਬੂਤ ਕੀਤੇ ਜਾਣ ਦੀ ਲੋੜ
ਜਲੰਧਰ ਸ਼ਹਿਰ ਦੀਆਂ 2 ਵਿਧਾਨ ਸਭਾ ਸੀਟਾਂ ਜਲੰਧਰ ਕੈਂਟ ਅਤੇ ਜਲੰਧਰ ਸੈਂਟਰਲ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਹਨ, ਜਦਕਿ ਜਲੰਧਰ ਨਾਰਥ ਅਤੇ ਜਲੰਧਰ ਕੈਂਟ ਵਿਚ ਕਾਂਗਰਸ ਦੇ ਖਾਤੇ ਦੀਆਂ ਸੀਟਾਂ ਹਨ। ਇਸ ਤੋਂ ਇਲਾਵਾ 5 ਵਿਚੋਂ 3 ਸੀਟਾਂ ’ਤੇ ਕਾਂਗਰਸ ਦੇ ਵਿਧਾਇਕ ਹਨ। ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਸ਼ਾਹਕੋਟ, ਫਿਲੌਰ ਅਤੇ ਆਦਮਪੁਰ ਵਿਚ ਪਕੜ ਮਜ਼ਬੂਤ ਕਰਨ ਦੀ ਲੋੜ ਹੈ। ਸ਼ਾਹਕੋਟ ਵਿਚ ਆਮ ਆਦਮੀ ਪਾਰਟੀ ਸਿਰਫ 29348 ਵੋਟਾਂ ਹੀ ਲੈ ਸਕੀ ਸੀ।

ਕੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਣਗੇ ਰਿੰਕੂ
ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤੀ ਸੀ। ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਨਗਰ ਨਿਗਮ ਜਲੰਧਰ ਵਿਚ ਕਾਂਗਰਸ ਦੇ ਕਈ ਕੌਂਸਲਰਾਂ ਨੇ ਬੜੀ ਤੇਜ਼ੀ ਨਾਲ ਪਾਲਾ ਬਦਲਿਆ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਹੋੜ ਜਿਹੀ ਲੱਗ ਗਈ। ਇਨ੍ਹਾਂ ਵਿਚ ਕੁਝ ਕੌਂਸਲਰ ਸੁਸ਼ੀਲ ਰਿੰਕੂ ਦੇ ਸਮਰਥਕ ਵੀ ਸਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਵਿਚ ਵੱਡੀ ਭੂਮਿਕਾ ਨਿਭਾਈ ਸੀ। ਖੁਦ ਸੁਸ਼ੀਲ ਰਿੰਕੂ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਪਾਰਟੀ ਦੇ ਸੂਬਾ ਪ੍ਰਧਾਨ ਤੱਕ ਵੀ ਕੀਤੀ ਗਈ ਸੀ। ਹੁਣ ਜਦਕਿ ਸੁਸ਼ੀਲ ਰਿੰਕੂ ਖੁਦ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ ਤਾਂ ਕੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਣਗੇ। ਇਸ ’ਤੇ ਸਵਾਲ ਖੜ੍ਹਾ ਹੋ ਗਿਆ ਹੈ।

ਇਹ ਵੀ ਪੜ੍ਹੋ : ਬੇਮੌਸਮੇ ਮੀਂਹ ਨਾਲ ਫਸਲਾਂ ਨੂੰ ਹੋਏ ਨੁਕਸਾਨ ’ਤੇ ਬਹਿਸ ਲਈ ਰਾਘਵ ਚੱਢਾ ਨੇ ਸੰਸਦ ’ਚ ਦਿੱਤਾ ਕੰਮ ਰੋਕੂ ਮਤਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News