ਕੈਪਟਨ ਦੇ 'ਆਪ' 'ਤੇ ਦਿੱਤੇ ਬਿਆਨ ਦਾ ਅਮਨ ਅਰੋੜਾ ਵੱਲੋਂ ਪਲਟਵਾਰ
Sunday, Sep 13, 2020 - 08:38 PM (IST)
ਜਲੰਧਰ— ਕੋਵਿਡ ਕੇਅਰ ਕਿੱਟਾਂ ਦੀ ਖਰੀਦ 'ਤੇ 'ਆਪ' ਵੱਲੋਂ ਦਿੱਤੇ ਗਏ ਬਿਆਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਸੋਹੀਣਾ ਅਤੇ ਬੇਤੁਕਾ ਕਰਾਰ ਦੇਣ 'ਤੇ ਅਮਨ ਅਰੋੜਾ ਨੇ ਪਲਟਵਾਰ ਕੀਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਸੱਚਾਈ ਤੋਂ ਪਰੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਰੀ ਚਿੱਠੀ ਨੂੰ ਚੰਗੀ ਤਰ੍ਹਾਂ ਪੜਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਚਿੱਠੀ 'ਚ ਕੋਈ ਦੋਸ਼ ਨਹੀਂ ਲਗਾਏ ਸਨ, ਜਦਕਿ ਮੈਂ ਕਿੱਟਾਂ ਦੇ ਰੇਟਾਂ 'ਚ ਘਪਲੇਬਾਜ਼ੀ ਹੋਣ ਦਾ ਸਿਰਫ ਖਦਸ਼ਾ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਕਿ ਸਾਡੇ ਬਿਆਨ ਬੇਤੁਕੇ ਨਹੀਂ ਹਨ ਸਗੋਂ ਪੰਜਾਬ ਸਰਕਾਰ ਦੀ ਵਰਕਿੰਗ ਬੇਤੁਕੀ ਅਤੇ ਗਲਤ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈਂਦ ਕਿਹਾ ਕਿ ਸਾਡੇ ਵੱਲੋਂ ਪ੍ਰਗਟਾਇਆ ਗਿਆ ਖਦਸ਼ਾ ਸਹੀ ਸਾਬਤ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਿੱਠੀ ਲਿਖਣ ਦੇ ਮਕਸਦ ਦੇ ਪਿੱਛੇ ਦੋ ਕਾਰਨ ਸਨ। ਪਹਿਲਾਂ ਕਾਰਨ ਇਹ ਸੀ ਕਿ ਮੁੱਖ ਮੰਤਰੀ ਨੇ ਪਹਿਲਾਂ ਖੁਦ ਕਿਹਾ ਸੀ ਕਿ ਪੰਜਾਬ ਸਰਕਾਰ 17 ਹਜ਼ਾਰ ਰੁਪਏ 'ਚ 50 ਹਜ਼ਾਰ ਕਿੱਟਾਂ ਖਰੀਦੇਗੀ। ਦੂਜਾ ਇਹ ਕਿਹਾ ਸੀ ਕਿ ਪੰਜਾਬ ਪੁਲਸ ਆਪਣੇ ਹੀ ਮੁਲਾਜ਼ਮਾਂ ਨੂੰ 1700 ਰੁਪਏ 'ਚ ਕਿੱਟਾਂ ਵੇਚੇਗੀ। ਉਨ੍ਹਾਂ ਕਿਹਾ ਕਿ ਮੇਰਾ ਖਦਸ਼ਾ ਸੀ ਕਿ ਜਦੋਂ ਕਿੱਟਾਂ ਦਾ ਮੁੱਲ ਤੈਅ ਕਰ ਦਿੱਤਾ ਗਿਆ ਤਾਂ ਜਦੋਂ ਸਰਕਾਰੀ ਬਾਬੂ ਅਤੇ ਹੋਰ ਅਫ਼ਸਰਾਂ ਨੇ ਇਸ 'ਚ ਸ਼ਾਮਲ ਹੋਣਾ ਸੀ ਤਾਂ ਰੇਟ ਵੱਧ ਜਾਣਾ ਸੀ ਅਤੇ ਸਰਕਾਰ ਮੁਤਾਬਕ ਕਿੱਟਾਂ ਦਾ ਮੁੱਲ ਨਹੀਂ ਰਹਿਣਾ ਸੀ।
ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ 'ਚ ਸ਼ਰਮਨਾਕ ਘਟਨਾ, ਹਵਸ ਦੇ ਭੁੱਖੇ ਨੇ 6 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਤਾਂ ਮੁੱਖ ਮੰਤਰੀ ਨੇ ਹਾਸੋਹੀਣਾ ਦੱਸ ਦਿੱਤਾ ਪਰ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਨੇ ਕੱਲ੍ਹ ਐਲਾਨ ਕੀਤਾ ਕਿ 50 ਹਜ਼ਾਰ ਕਿੱਟਾਂ ਦਾ ਮੁੱਲ 748 ਰੁਪਏ ਜੀ. ਐੱਸ. ਟੀ. ਪਾ ਕੇ ਫਾਈਨਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਤੋਂ ਚਾਰ ਦਿਨ ਪਹਿਲਾਂ ਕਿਹਾ ਜਾਂਦਾ ਸੀ ਕਿ ਇਹ ਕਿੱਟ 1700 'ਚ ਪਵੇਗੀ। ਸਾਡੇ ਵੱਲੋਂ ਇਹ ਮਸਲਾ ਚੁੱਕਣ ਤੋਂ ਬਾਅਦ ਹੁਣ ਕਿੱਟ ਦਾ ਰੇਟ 800 ਰੁਪਏ ਦੇ ਕਰੀਬ ਦੱਸ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੇ ਮੇਰੇ 'ਤੇ ਗੁੱਸਾ ਕੱਢਿਆ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਵੱਡੇ ਹੋਣ ਦੇ ਨਾਤੇ ਤੁਸੀਂ ਗੁੱਸਾ ਕੱਢ ਸਕਦੇ ਹੋ। ਉਨ੍ਹਾਂ ਕਿਹਾ ਕਿ ਜੋ ਮੈਂ ਖਦਸ਼ਾ ਪ੍ਰਗਟ ਕੀਤਾ ਸੀ ਉਹ ਤਾਂ ਸਹੀ ਸਾਬਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਬੇਤੁਕੇ ਨਹੀਂ ਸਗੋਂ ਬਿਲਕੁਲ ਜਾਇਜ਼ ਸਨ, ਜੋ ਸਹੀ ਸਾਬਤ ਹੋਏ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚਾਕੂ ਮਾਰ ਪੁਲਸ ਮੁਲਾਜ਼ਮ ਦਾ ਕੀਤਾ ਕਤਲ (ਤਸਵੀਰਾਂ)
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਸੂਬਾ ਸਰਕਾਰ 'ਤੇ ਕੋਵਿਡ ਸੰਭਾਲ ਕਿੱਟਾਂ ਦੇ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਖਰੀਦ ਵਿੱਚ ਘਪਲੇਬਾਜ਼ੀ ਦੇ ਦੋਸ਼ ਲਾਉਣ ਨੂੰ ਹਾਸੋਹੀਣਾ ਤੇ ਬੇਤੁਕਾ ਕਰਾਰ ਸੀ। 'ਆਪ' ਵਿਧਾਇਕ ਅਮਨ ਅਰੋੜਾ ਵੱਲੋਂ ਕਿੱਟਾਂ ਖਰੀਦਣ 'ਚ ਘਪਲੇਬਾਜ਼ੀ ਦੇ ਲਾਏ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਸਰਕਾਰ 'ਤੇ ਹਰ ਵੇਲੇ ਹਮਲਾ ਕਰਨ ਦੀ ਤਾਂਘ 'ਚ ਰਹਿੰਦੀ ਆਮ ਆਦਮੀ ਪਾਰਟੀ ਗਲਤ ਅਤੇ ਸਹੀ ਵਿੱਚ ਪਰਖ ਕਰਨਾ ਹੀ ਭੁੱਲ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀ ਸਿਹਤ ਮਹਿਕਮੇ ਵੱਲੋਂ ਕਿੱਟਾਂ ਦੀ ਖਰੀਦ ਲਈ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਘਪਲੇਬਾਜ਼ੀ ਦੇ ਦੋਸ਼ ਲਾ ਦਿੱਤੇ ਹਨ। ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ 360 ਰੁਪਏ (ਜੀ. ਐੱਸ. ਟੀ. ਵੱਖਰੀ) ਦੇ ਨਬਜ਼ ਔਕਸੀਮੀਟਰ ਦੇ ਨਾਲ ਕਿੱਟ ਦੀ ਲਾਗਤ ਨੂੰ 748 ਰੁਪਏ ਅੰਤਿਮ ਰੂਪ ਦਿੱਤਾ ਹੈ।
ਇਹ ਵੀ ਪੜ੍ਹੋ: ਕੈਨੇਡਾ ਬੈਠੀਆਂ ਧੀਆਂ ਸਣੇ ਪੂਰੇ ਪਰਿਵਾਰ ਲਈ 2 ਰੁਪਏ ਕਿਲੋ ਕਣਕ ਲੈ ਰਿਹਾ ਸੀ ਇਹ ਗ਼ਰੀਬ ਅਕਾਲੀ ਲੀਡਰ