ਬੀਬੀ ਬਾਦਲ ਦੇ ਅਸਤੀਫ਼ੇ ''ਤੇ ਜਾਣੋ ਕੀ ਬੋਲੇ ''ਆਪ'' ਵਿਧਾਇਕ ਜੈਕਿਸ਼ਨ ਰੋੜੀ
Friday, Sep 18, 2020 - 01:11 PM (IST)
ਗੜ੍ਹਸ਼ੰਕਰ (ਅਮਰੀਕ)— ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰ ਦੀ ਵਜ਼ਾਰਤ 'ਚੋਂ ਅਸਤੀਫ਼ਾ ਦੇਣ ਤੋਂ ਬਾਅਦ ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੁੱਖ ਬੁਲਾਰੇ ਜੈ ਕਿਸ਼ਨ ਰੋੜੀ ਨੇ ਬੀਬੀ ਬਾਦਲ ਦੇ ਅਸਤੀਫ਼ੇ ਨੂੰ ਡਰਾਮੇਬਾਜ਼ੀ ਦੱਸਿਆ ਹੈ। ਜੈਕਿਸ਼ਨ ਰੋੜੀ ਨੇ ਕਿਹਾ ਕਿ ਹਰਸਿਮਰਤ ਵੱਲੋਂ ਦਿੱਤਾ ਗਿਆ ਅਸਤੀਫ਼ਾ ਇੰਝ ਜਾਪ ਰਿਹਾ ਹੈ ਜਿਵੇਂ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਪਾਸ ਕਰਨ ਸਮੇਂ ਸਹਿਮਤੀ ਜ਼ਾਹਰ ਕਰਕੇ ਬਾਅਦ 'ਚ ਅਸਤੀਫ਼ੇ ਦਾ ਡਰਾਮਾ ਰਚਿਆ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੋਗਲਾ ਚਿਹਰਾ ਜਾਣਦੀ ਹੈ ਅਤੇ ਆਉਣ ਵਾਲੇ ਸਮੇਂ 'ਚ ਉਸ ਦਾ ਨਤੀਜਾ ਭੁਗਤਣਾ ਪਵੇਗਾ।
ਕੇਂਦਰੀ ਵਜ਼ੀਰੀ 'ਚੋਂ ਹਰਸਿਮਰਤ ਦੇ ਅਸਤੀਫੇ ਦੇ ਕੀ ਹਨ ਮਾਇਨੇ!
ਉਨ੍ਹਾਂ ਕਿਹਾ ਕਿ ਜਿਹੜੇ ਕਿਰਤੀ ਲੋਕ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ, ਇਹ ਉਨ੍ਹਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਡਰਾਮਾ ਵੇਖੋ ਕਿ ਬੀਬੀ ਬਾਦਲ ਨੇ ਪਹਿਲੇ ਦੋ ਦਿਨ ਲੋਕ ਸਭਾ 'ਚ ਜਾ ਕੇ ਕੋਈ ਵੀ ਹਾਜ਼ਰੀ ਨਹੀਂ ਲਵਾਈ। ਜਦੋਂ ਮੀਟਿੰਗ 'ਚ ਆਰਡੀਨੈਂਸ ਆਏ ਤਾਂ ਕੋਈ ਵਾਕਆਊਟ ਨਹੀਂ ਕੀਤਾ ਗਿਆ। ਜੇਕਰ ਉਸ ਵੇਲੇ ਵਿਰੋਧ ਕੀਤਾ ਗਿਆ ਹੁੰਦਾ ਤਾਂ ਹੋ ਸਕਦਾ ਸੀ ਕਿ ਕੇਂਦਰ ਦੀ ਸਰਕਾਰ ਪੰਜਾਬ ਬਾਰੇ ਇਹ ਕਾਲਾ ਫ਼ੈਸਲਾ ਲੈਣ ਤੋਂ ਪਹਿਲਾਂ ਸੋਚਦੀ।
ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ
ਉਨ੍ਹਾਂ ਕਿਹਾ ਕਿ ਬੀਬੀ ਬਾਦਲ ਵੱਲੋਂ ਦਿੱਤੇ ਗਏ ਅਸਤੀਫ਼ੇ ਦੀ ਗੱਲ ਇੰਝ ਲੱਗ ਰਹੀ ਹੈ ਕਿ ਜਿਵੇਂ ਬੀਬੀ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮੋਦੀ ਸਾਬ੍ਹ ਨਾਲ ਗੱਲ ਕਰ ਲਈ ਹੋਵੇ ਕਿ ਤੁਸੀਂ ਆਰਡੀਨੈਂਸ ਪਾਸ ਕਰ ਦਿਓ ਅਤੇ ਅਸੀਂ ਅਸਤੀਫ਼ਾ ਦੇਣ ਦਾ ਡਰਾਮਾ ਕਰਾਂਗੇ ਅਤੇ ਉਸ ਤੋਂ ਬਾਅਦ ਤੁਸੀਂ ਅਸਤੀਫੇ ਨੂੰ ਨਾ ਮਨਜ਼ੂਰ ਕਰ ਦੇਣਾ ਤੇ ਗੱਲ ਪੁਰਾਣੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਮੁੱਖ ਮੰਤਰੀ ਬਣਾਇਆ। ਅੱਜ ਬਾਦਲ ਸਾਬ੍ਹ ਕੋਲੋਂ ਪੰਜਾਬ ਦੇ ਕਿਸਾਨਾਂ ਨੇ ਦੋ ਵੋਟਾਂ ਮੰਗੀਆਂ ਸਨ, ਇਹ ਉਹ ਵੀ ਨਾ ਦੇ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਬਾਦਲ ਸਾਬ੍ਹ ਕਿਸਾਨਾਂ ਦੇ ਹੱਕ 'ਚ ਖੜ੍ਹਨ ਦੀ ਗੱਲ ਕਰ ਰਹੇ ਹਨ ਤਾਂ ਸਭ ਤੋਂ ਪਹਿਲਾਂ ਉਹ ਅਕਾਲੀ-ਭਾਜਪਾ ਜਿਹੜਾ ਗਠਜੋੜ ਹੈ, ਉਹ ਉਸ ਨੂੰ ਤੋੜਨ।
ਇਹ ਵੀ ਪੜ੍ਹੋ: ਪੰਜਾਬ 'ਚ ਭਿਆਨਕ ਰੂਪ ਵਿਖਾਉਣ ਲੱਗਾ 'ਕੋਰੋਨਾ', ਜ਼ਿਲ੍ਹਾ ਕਪੂਰਥਲਾ 'ਚ ਵਧੀ ਮੌਤ ਦਰ
ਦੱਸਣਯੋਗ ਹੈ ਕਿ ਭਾਜਪਾ ਨਾਲ ਗਠਜੋੜ ਵਾਲੀ ਅਕਾਲੀ ਦਲ ਦੀ ਆਗੂ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਤੋਂ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਹਰਸਿਮਰਤ ਬਾਦਲ ਨੇ ਇਸ ਬਾਰੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ। ਹਾਲਾਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰਸਿਮਰਤ ਬਾਦਲ ਦੇ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਸੀ। ਕੇਂਦਰ ਦੇ ਖੇਤੀ ਆਰਡੀਨੈਂਸਾਂ 'ਤੇ ਗਠਜੋੜ ਦੇ ਸਭ ਤੋਂ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੀ ਨਰਾਜ਼ਗੀ ਵੀਰਵਾਰ ਨੂੰ ਖੁੱਲ੍ਹ ਕੇ ਸਾਹਮਣੇ ਆ ਗਈ ਸੀ। ਵੀਰਵਾਰ ਨੂੰ ਲੋਕ ਸਭਾ 'ਚ ਦੋ ਬਿੱਲਾਂ 'ਤੇ ਚਰਚਾ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਬਿੱਲਾਂ ਦੇ ਪੱਖ 'ਚ ਨਹੀਂ ਹੈ ਅਤੇ ਇਸ ਲਈ ਮੰਤਰੀ ਹਰਸਮਿਰਤ ਕੌਰ ਬਾਦਲ ਅਸਤੀਫ਼ਾ ਦੇ ਰਹੇ ਹਨ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਹਰਸਿਮਰਤ ਨੇ ਅਸਤੀਫ਼ਾ ਦੇ ਦਿੱਤਾ, ਜਿਸ ਨੂੰ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਵੱਲੋਂ ਪ੍ਰਵਾਨ ਕਰ ਲਿਆ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਰੋਸ ਮਾਰਚ ਦੌਰਾਨ ਹਿਰਾਸਤ 'ਚ ਲਏ ਗਏ ਸਿਮਰਜੀਤ ਸਿੰਘ ਬੈਂਸ (ਵੀਡੀਓ)