ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਨਹੀਂ ਲੁਆ ਪਾ ਰਹੀ ਸ਼ਹਿਰ ਦੇ ਇਸ਼ਤਿਹਾਰਾਂ ਦੇ ਟੈਂਡਰ
Tuesday, Mar 14, 2023 - 03:50 PM (IST)
ਜਲੰਧਰ (ਖੁਰਾਣਾ) : ਲਗਾਤਾਰ 5 ਸਾਲ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਨੇ ਨਿਗਮਾਂ ਦੀ ਆਮਦਨ ਵਧਾਉਣ ਲਈ 2018 ਵਿਚ ਪੰਜਾਬ ਪੱਧਰ ’ਤੇ ਇਸ਼ਤਿਹਾਰ ਪਾਲਿਸੀ ਤਿਆਰ ਕੀਤੀ ਸੀ, ਜਿਸ ਜ਼ਰੀਏ ਸ਼ਹਿਰਾਂ ਨੂੰ ਕਰੋੜਾਂ-ਅਰਬਾਂ ਰੁਪਏ ਦੀ ਆਮਦਨ ਹੋਣੀ ਸੀ ਪਰ ਜਲੰਧਰ ਵਰਗੇ ਸ਼ਹਿਰਾਂ ਵਿਚ ਚੱਲ ਰਹੇ ਇਸ਼ਤਿਹਾਰ ਮਾਫੀਆ ਨੇ ਉਦੋਂ ਕਾਂਗਰਸ ਸਰਕਾਰ ਦੀ ਇਸ਼ਤਿਹਾਰ ਪਾਲਿਸੀ ਨੂੰ ਫੇਲ ਕਰ ਦਿੱਤਾ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਵੀ ਇਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਇਸ ਸਰਕਾਰ ’ਤੇ ਵੀ ਇਹ ਮਾਫੀਆ ਹਾਵੀ ਹੁੰਦਾ ਜਾ ਰਿਹਾ ਹੈ। ਜਲੰਧਰ ਦੀ ਹੀ ਗੱਲ ਕਰੀਏ ਤਾਂ ਇਥੇ ਪਿਛਲੇ 5 ਸਾਲਾਂ ਦੌਰਾਨ ਇਸ਼ਤਿਹਾਰ ਪਾਲਿਸੀ ਜ਼ਰੀਏ ਨਿਗਮ ਨੂੰ ਲਗਭਗ 100 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਸੀ ਪਰ ਸ਼ਹਿਰ ਵਿਚ ਚੱਲ ਰਹੇ ਇਸ਼ਤਿਹਾਰ ਮਾਫੀਆ ਨੇ ਕਾਂਗਰਸੀਆਂ ਨੂੰ ਵੀ ਚੱਕਰਵਿਊ ਵਿਚ ਪਾਈ ਰੱਖਿਆ, ਜਿਸ ਕਾਰਨ 5 ਸਾਲ ਜਲੰਧਰ ਦੇ ਇਸ਼ਤਿਹਾਰਾਂ ਦਾ ਟੈਂਡਰ ਹੀ ਨਹੀਂ ਲੱਗ ਸਕਿਆ। ਇਸ ਸਾਰੀ ਖੇਡ ’ਚ ਜਲੰਧਰ ਨਿਗਮ ਦੇ ਕਈ ਅਧਿਕਾਰੀਆਂ ਨੇ ਸ਼ੱਕੀ ਭੂਮਿਕਾ ਨਿਭਾਈ ਅਤੇ ਮਾਫੀਆ ਨਾਲ ਮਿਲ ਕੇ ਨਾ ਸਿਰਫ ਵਿਭਾਗ ਦੇ ਰੈਵੇਨਿਊ ਦਾ ਨੁਕਸਾਨ ਕੀਤਾ, ਸਗੋਂ ਪ੍ਰਾਈਵੇਟ ਤੌਰ ’ਤੇ ਜੇਬਾਂ ਵੀ ਭਰੀਆਂ ਗਈਆਂ। ‘ਆਪ’ ਸਰਕਾਰ ਦੇ ਇਕ ਸਾਲ ਦੇ ਰਾਜ ਵਿਚ ਵੀ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਇਸ਼ਤਿਹਾਰਾਂ ਦਾ ਟੈਂਡਰ ਤੱਕ ਨਹੀਂ ਲਾਇਆ ਹੈ। ਇਹ ਟੈਂਡਰ ਲਗਭਗ 10 ਕਰੋੜ ਰੁਪਏ ਦਾ ਹੁੰਦਾ ਹੈ ਅਤੇ ਹਿੱਿਸਆਂ ਵਿਚ ਵੰਡਿਆਂ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਨਿਗਮ ਨੇ ਇਕ ਜ਼ੋਨ ਦਾ ਟੈਂਡਰ ਲਾਇਆ ਤਾਂ ਸੀ ਪਰ ਉਹ ਸਿਰੇ ਨਹੀਂ ਚੜ੍ਹ ਸਕਿਆ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਮਿਲੀ ਧਮਕੀ ’ਤੇ ਵਿਧਾਨ ਸਭਾ ’ਚ ਬੋਲੇ ਵਿਧਾਇਕ ਦੇਵ ਮਾਨ
ਹੁਣ ਨਿਗਮ ਕਰਵਾਏਗਾ ਸਰਵੇ
ਇਸੇ ਵਿਚਕਾਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਕ ਪ੍ਰਾਈਵੇਟ ਏਜੰਸੀ ਤੋਂ ਸ਼ਹਿਰ ਦੇ ਆਊਟਡੋਰ ਮੀਡੀਆ ਦਾ ਇਕ ਸਰਵੇ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਸ਼ਹਿਰ ਦੇ ਸਾਰੇ ਇਸ਼ਤਿਹਾਰਾਂ ਦਾ ਇਕ ਟੈਂਡਰ ਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਨੂੰ ਸ਼ਹਿਰ ਵਿਚ ਸਿਰਫ 33 ਯੂਨੀਪੋਲਜ਼ ਦਾ ਹੀ ਕਾਂਟਰੈਕਟ ਇਕ ਕੰਪਨੀ ਨੂੰ ਅਲਾਟ ਹੈ, ਜਿਸ ਤੋਂ ਨਿਗਮ ਨੂੰ ਥੋੜ੍ਹੀ-ਬਹੁਤ ਆਮਦਨ ਹੋ ਰਹੀ ਹੈ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਮਾਰੀ ਟੱਕਰ, ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।