ਅਕਾਲੀਆਂ ਦੇ ਧਰਨੇ ''ਤੇ ਬੋਲੇ ਚੀਮਾ, ਜਾਣੋ ਕੀ ਦਿੱਤਾ ਬਿਆਨ

08/12/2020 6:23:36 PM

ਪਟਿਆਲਾ (ਬਲਜਿੰਦਰ, ਪਰਮੀਤ, ਰਾਣਾ) : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਨੇ ਨੇੜਲੇ ਕਲਿਆਣ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਈ ਪਵਿੱਤਰ ਬੀੜ ਦੇ ਮੁੱਦੇ 'ਤੇ ਅਮਰਿੰਦਰ ਸਿੰਘ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਲੰਮੇ ਹੱਥੀਂ ਲਿਆ। ਮੰਗਲਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨਾਲ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕਲਿਆਣ ਪਿੰਡ ਤੋਂ ਚੋਰੀ ਹੋਈ ਪ੍ਰਾਚੀਨ ਬੀੜ ਦੇ ਮਾਮਲੇ ਵਿਚ ਕਾਂਗਰਸ ਸਰਕਾਰ ਉਸੇ ਤਰ੍ਹਾਂ ਰਹੱਸਮਈ ਸੁਸਤੀ ਦਿਖਾ ਰਹੀ ਹੈ, ਜਿਵੇਂ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਉਪਰੰਤ ਤੱਤਕਾਲੀ ਬਾਦਲ ਸਰਕਾਰ ਨੇ ਪਵਿੱਤਰ ਸਰੂਪ ਲੱਭਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਸੀ, ਜਿਸ ਕਾਰਨ ਪੰਥ ਅਤੇ ਪੰਜਾਬ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ, ਉਲਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅੱਜ ਤੱਕ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਕਰਫਿਊ 'ਚ ਰਾਹਤ ਦਾ ਐਲਾਨ

ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੇਰਦਿਆਂ ਚੀਮਾ ਨੇ ਕਿਹਾ ਕਿ ਪਟਿਆਲਾ 'ਚ ਧਰਨਿਆਂ ਦੇ ਡਰਾਮੇ ਕਰਨ ਵਾਲੇ ਸੁਖਬੀਰ ਬਾਦਲ ਅਤੇ ਉਸ ਦੇ ਜੀ-ਹਜ਼ੂਰੀਏ ਬਰਗਾੜੀ ਸਮੇਤ ਆਪਣੇ (ਬਾਦਲਾਂ) ਦੇ ਰਾਜ ਸਮੇਂ ਹੋਈਆਂ ਬੇਅਦਬੀਆਂ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਵੇਲੇ ਕਿਥੇ ਸਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਰਗਾੜੀ-ਬਹਿਬਲ ਕਲਾਂ ਬੇਇਨਸਾਫ਼ੀਆਂ ਵਿਰੁੱਧ ਇਨਸਾਫ਼ ਦੀ ਮੰਗ ਕਰਨ ਵਾਲੀ ਸੰਗਤ ਨੂੰ ਵਿਹਲੀ ਜਨਤਾ ਦੱਸਣ ਵਾਲੇ ਸੁਖਬੀਰ ਸਿੰਘ ਬਾਦਲ ਕਿਹੜੇ ਮੂੰਹ ਅਜਿਹੇ ਡਰਾਮੇ ਕਰ ਰਹੇ ਹਨ। ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਭੇਦਭਰੇ ਢੰਗ ਨਾਲ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਵਿੱਤਰ ਸਰੂਪਾਂ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਅਤੇ ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੋਲੋਂ ਸਪੱਸ਼ਟੀਕਰਨ ਮੰਗਿਆ।

ਇਹ ਵੀ ਪੜ੍ਹੋ : ਸਾਊਦੀ 'ਚ ਵਾਪਰੇ ਹਾਦਸੇ ਨੇ ਪਰਿਵਾਰ 'ਚ ਪਵਾਏ ਕੀਰਣੇ, ਭੈਣ ਦੀ ਡੋਲੀ ਤੋਰਨ ਤੋਂ ਪਹਿਲਾਂ ਜਹਾਨੋਂ ਰੁਖਸਤ ਹੋਇਆ ਭਰਾ

ਹਰਪਾਲ ਚੀਮਾ ਨੇ ਕਿਹਾ ਕਿ ਬਾਦਲ ਪੰਜਾਬ ਦੇ ਲੋਕਾਂ ਅਤੇ ਦੇਸ਼-ਵਿਦੇਸ਼ ਵੱਸਦੀ ਸੰਗਤ ਨੂੰ ਅਜਿਹੀ ਡਰਾਮੇਬਾਜ਼ੀ ਨਾਲ ਗੁਮਰਾਹ ਕਰਨ ਦੀ ਗ਼ਲਤੀ ਨਾ ਕਰਨ ਕਿਉਂਕਿ 267 ਸਰੂਪ ਚੋਰੀ ਹੋਣ ਲਈ ਐੱਸ. ਜੀ. ਪੀ. ਸੀ. ਸਿੱਧੇ ਤੌਰ 'ਤੇ ਕਟਿਹਰੇ ਵਿਚ ਹੈ, ਜਿਸ ਦੀ ਕਮਾਨ ਬਾਦਲਾਂ ਕੋਲ ਹੀ ਹੈ। ਚੀਮਾ ਅਤੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਕਲਿਆਣ ਪਿੰਡ ਦੀ ਪਵਿੱਤਰ ਬੀੜ ਸਮੇਤ 267 ਸਰੂਪਾਂ ਦੇ ਮਾਮਲੇ ਦੀ ਸਮਾਂਬੱਧ ਜਾਂਚ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਹਵਾਲੇ ਕੀਤੀ ਜਾਵੇ। ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ 267 ਪਾਵਨ ਸਰੂਪਾਂ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਸੰਗਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਵਿਖੇ ਧਰਨੇ ਲਗਾਏਗੀ ਅਤੇ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਬੇਅਦਬੀਆਂ ਦੇ ਮਾਮਲਿਆਂ ਵਿਚ ਕਿਵੇਂ ਅਮਰਿੰਦਰ ਸਿੰਘ ਸਰਕਾਰ ਬਾਦਲਾਂ ਨੂੰ ਬਚਾ ਰਹੀ ਹੈ ਅਤੇ ਐੱਸ. ਜੀ. ਪੀ. ਸੀ. ਦਾ ਧਿਆਨ 'ਗੁਰੂ' ਦੀ ਥਾਂ 'ਤੇ ਗੋਲਕਾਂ ਦੀ ਪਹਿਰੇਦਾਰੀ 'ਤੇ ਕਿਉਂ ਵੱਧ ਰਹਿੰਦਾ ਹੈ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੀ ਸੁਰੱਖਿਆ ਹਟਾਉਣ ਦਾ ਕੈਪਟਨ ਨੇ ਦੱਸਿਆ ਕਾਰਣ


Gurminder Singh

Content Editor

Related News