ਆਮ ਆਦਮੀ ਪਾਰਟੀ ਵਲੋਂ ਜ਼ਿਲਾ ਕਚਿਹਰੀਆਂ ਅੱਗੇ ਦਿੱਤਾ ਰੋਸ ਧਰਨਾ ਦੂਜੇ ਦਿਨ 'ਚ ਦਾਖਲ
Tuesday, Dec 19, 2017 - 06:11 PM (IST)

ਮਾਨਸਾ (ਜੱਸਲ)-ਆਮ ਆਦਮੀ ਪਾਰਟੀ ਜ਼ਿਲਾ ਮਾਨਸਾ ਵਲੋਂ ਜ਼ਿਲਾ ਪ੍ਰਸ਼ਾਸਨ ਮਾਨਸਾ ਅੱਗੇ ਬੱਸ ਸਟੈਂਡ ਤੋ ਜ਼ਿਲਾ ਕਚਿਹਰੀਆਂ ਤੱਕ ਸੜਕ ਦੇ ਜਲਦ ਨਿਰਮਾਣ ਕਰਵਾਉਣ ਲਈ ਜ਼ਿਲਾ ਕਚਿਹਰੀਆਂ ਅੱਗੇ ਦਿੱਤਾ ਵਿਸ਼ਾਲ ਰੋਸ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਨੂੰ ਅੱਜ ਵੀ ਵੱਖ ਵੱਖ ਪਾਰਟੀਆਂ, ਜਥੇਬੰਦੀਆਂ ਅਤੇ ਸ਼ਹਿਰ ਨਿਵਾਸੀਆਂ ਨੇ ਭਰਪੂਰ ਸਮਰਥਨ ਦਿੱਤਾ।
ਇਸ ਮੌਕੇ ਆਪ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਬੇਸ਼ੱਕ ਜ਼ਿਲਾ ਪ੍ਰਸ਼ਾਸ਼ਨ ਨੇ ਕਚਿਹਰੀ ਰੋਡ ਨੂੰ ਬਣਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਸ਼ਹਿਰ ਦੀਆਂ ਅਨੇਕਾਂ ਹੋਰ ਵੀ ਗੰਭੀਰ ਸਮੱਸਿਆਵਾਂ ਹਨ। ਜਿੰਨਾਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਜਦੋ ਤੱਕ ਪ੍ਰਸ਼ਾਸ਼ਨ ਵੱਲੋ ਨਹੀਂ ਕੀਤਾ ਜਾਂਦਾ, ਉਦੋ ਤੱਕ ਇਹ ਰੋਸ ਧਰਨਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਦੀਆਂ ਅਹਿਮ ਮੁੱਦੇ ਅਤੇ ਗੰਭੀਰ ਸਮੱਸਿਆਵਾਂ ਨੂੰ ਕਈ ਵਾਰ ਪਾਰਟੀ ਦੇ ਵਫਦ ਨੇ ਕਈ ਜ਼ਿਲਾ ਪ੍ਰਸ਼ਾਸਨ ਨੂੰ ਮਿਲ ਕੇ ਅਤੇ ਲਿਖਤੀ ਤੌਰ ਤੇ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਮਜ਼ਬੂਰ ਹੋ ਕੇ ਇਹ ਰੋਸ ਧਰਨਾ ਦੇਣਾ ਪਿਆ ਹੈ।
ਜ਼ਿਲਾ ਪ੍ਰਸ਼ਾਸਨ ਨੇ ਲਿਆ ਮੰਗ-ਪੱਤਰ
ਸ਼ਹਿਰ ਵਾਸੀਆਂ ਦੇ ਰੋਹ ਨੂੰ ਦੇਖਦਿਆ ਡਿਪਟੀ ਕਮਿਸ਼ਨਰ ਦਫਤਰ ਮਾਨਸਾ (ਜਨਰਲ ਅਸਿਸਟੈਂਟ ਡਿਪਟੀ ਕਮਿਸ਼ਨਰ) ਦੇ ਅਧਿਕਾਰੀਆਂ ਵੱਲੋਂ ਮੰਗ ਪੱਤਰ ਲਿਆ ਗਿਆ । ਉਨ੍ਹਾਂ ਵੱਲੋਂ ਸਾਰੇ ਸੰਬੰਧਿਤ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨੂੰ ਬੁਲਾ ਕੇ ਜਲਦ ਹੀ ਸਾਂਝੀ ਮੀਟਿੰਗ ਦਾ ਪ੍ਰਸਤਾਵ ਰੱਖਿਆ ਗਿਆ ਪਰ ਸ਼ਹਿਰ ਵਾਸੀ ਅੱਜ ਵੀ ਰੋਸ ਧਰਨਾ ਦੇਣ ਲਈ ਅੜੇ ਰਹੇ।
ਕੋਣ ਕੋਣ ਹਾਜ਼ਰ ਸਨ?
ਇਸ ਮੌਕੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਬੁਢਲਾਡਾ, ਗੁਰਵਿੰਦਰ ਸਿੰਘ ਖੱਤਰੀਵਾਲਾ, ਸੁਖਵਿੰਦਰ ਸਿੰਘ ਭੋਲਾ ਮਾਨ, ਗੁਰਪ੍ਰੀਤ ਭੁੱਚਰ, ਰਾਕੇਸ਼ ਨਾਰੰਗ, ਬਲਦੇਵ ਰਾਠੀ, ਹਰਪ੍ਰੀਤ ਜਟਾਣਾ, ਰਣਜੀਤ ਮਾਨ, ਮਾਣਕ ਗੋਇਲ, ਰਾਮ ਕ੍ਰਿਸ਼ਨ ਚੁੱਘ, ਪਿੰ੍ਰਸੀਪਲ ਹਰਤੇਜ ਸਿੰਘ ਝੱਬਰ, ਬਲਦੇਵ ਸਿੰਘ ਰਾਠੀ, ਐਡਵੋਕੇਟ ਬਲਵੀਰ ਚਹਿਲ, ਕਾ. ਐਡਵੋਕੇਟ ਰੇਖਾ ਸ਼ਰਮਾ, ਸੁਭਾਸ਼ ਨਾਗਪਾਲ, ਗੁਰਪ੍ਰੀਤ ਗੈਹਟੀ ਆਦਿ ਹਾਜ਼ਰ ਸਨ।
ਕੋਰਟ ਰੋਡ ਸੜਕ ਦਾ ਕੰਮ ਟੱਕ ਲਾ ਕੇ ਕੀਤਾ ਸ਼ੁਰੁ
ਸਥਾਨਕ ਕੋਰਟ ਰੋਡ ਸੜਕ ਦਾ ਕੰਮ ਅੱਜ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਮੀਤਾ, ਸਾਬਕਾ ਪ੍ਰਧਾਨ ਨਰੋਤਮ ਸਿੰਘ ਚਹਿਲ ਅਤੇ ਕਾਂਗਰਸੀ ਆਗੂ ਬਲਵਿੰਦਰ ਨਾਰੰਗ, ਡਾਕਟਰ ਮਨਜੀਤ ਸਿੰਘ ਰਾਣਾ ਵਲੋ ਟੱਕ ਲਗਾ ਕੇ ਸ਼ੁਰੂ ਕਰਵਾਇਆ ਗਿਆ।
ਧੜੇਬੰਦੀ ਬਣੀ ਰਹੀ ਅੜਿੱਕਾ
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੜਕ ਦਾ ਕੰਮ ਅੱਜ ਤੋਂ ਡੇਢ ਸਾਲ ਪਹਿਲਾਂ ਸ਼ੁਰੂ ਹੋਣਾ ਸੀ ਪਰ ਉਸ ਸਮੇਂ ਨਗਰ ਕੌਂਸਲ ਦੇ ਤੱਤਕਾਲੀ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਸਨ ਅਤੇ ਉਨਾਂ ਦੀ ਪ੍ਰਧਾਨਗੀ ਹੇਠ ਕਮੇਟੀ ਵਲੋਂ ਇਸ ਸੜਕ ਨੂੰ ਨਵੇਂ ਸਿਰਿਉ ਬਨਾਉਣ ਲਈ ਮਤਾ ਪਾਸ ਕਰਕੇ ਐਸਟੀਮੇਟ ਤਿਆਰ ਕਰਵਾਕੇ ਸਰਕਾਰ ਨੂੰ ਭੇਜਕੇ ਸੜਕ ਲਈ ਫੰਡ ਦੀ ਮੰਗ ਕੀਤੀ ਸੀ ਸਰਕਾਰ ਨੂੰ ਭੇਜੇ ਐਸਟੀਮੇਟਾ ਮੁਤਾਬਿਕ ਸਰਕਾਰ ਵਲੋਂ ਉਸ ਸਮੇ ਇਸ ਸੜਕ ਲਈ ਫੰਡ ਜਾਰੀ ਕਰ ਦਿੱਤੇ ਸਨ ਪਰ ਕੌਂਸਲਰਾਂ ਦੀ ਧੜੇਬੰਦੀ ਸਦਕਾ ਇਹ ਕੰਮ ਅਟਕ ਗਿਆ ਸੀ। ਹੁਣ ਕਾਫੀ ਮਹੀਨਿਆ ਬਾਅਦ ਨਗਰ ਕੋਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਚੋਂਣ ਨੇਪਰੇ ਚੜਨ ਉਪਰੰਤ ਵੀ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਮੀਤਾ ਨੇ ਵਿਸ਼ਵਾਸ਼ ਦਿੱਤਾ ਸੀ ਕਿ ਇਸ ਸੜਕ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।
ਬਾਰ ਐਸ਼ੋਸੀਏਸ਼ਨ ਨੇ ਵੀ ਸੰਘਰਸ਼ ਦੀ ਜਿੱਤ ਦਾ ਕੀਤਾ ਦਾਅਵਾ
ਦੂਜੇ ਪਾਸੇ ਅੱਜ ਮਾਨਸਾ ਬੱਸ ਸਟੈਂਡ ਵਿਖੇ ਮਾਨਸਾ ਬੱਸ ਸਟੈਂਡ ਤੋਂ ਲੈ ਕੇ ਜ਼ਿਲਾ ਕਚਹਿਰੀਆਂ ਤੱਕ ਸੜਕ ਦੇ ਨਿਰਮਾਣ ਦਾ ਕੰਮ ਦੀ ਸ਼ੁਰੂਆਤ ਹੋਈ। ਇਹ ਸੜਕ ਦੀ ਕਈ ਸਾਲਾਂ ਤੋਂ ਬਹੁਤ ਮਾੜੀ ਹਾਲਤ 'ਚ ਸੀ। ਇਸ ਸੜਕ ਸਬੰਧੀ ਬਾਰ ਐਸ਼ੋਸੀਏਸ਼ਨ ਅਤੇ ਮਾਨਸਾ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸਨ। ਜ਼ਿਲਾ ਬਾਰ ਐਸ਼ੋਸੀਏਸ਼ਨ ਦੇ ਐਡਵੋਕੇਟ ਰਣਦੀਪ ਸ਼ਰਮਾਂ ਨੇ ਦੱਸਿਆ ਕਿ ਆਖਿਰ ਇਸ ਸੰਘਰਸ਼ ਜਿੱਤ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ 3.79 ਕਰੋੜ ਰੁਪਏ ਮੰਡੀ ਕਰਨ ਬੋਰਡ ਨੂੰ ਦੇਣ ਤੋਂ ਬਾਅਦ ਸੜਕ ਨਿਰਮਾਣ ਦਾ ਕੰਮ ਅੱਜ ਸ਼ੁਰੂ ਹੋਇਆ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ, ਮੰਡੀਕਰਨ ਬੋਰਡ, ਨਗਰ ਕੌਂਸਲ ਮਾਨਸਾ ਦਾ ਧੰਨਵਾਦ ਕੀਤਾ। ਇਸ ਮੌਕੇ ਗੋਰਾ ਸਿੰਘ ਥਿੰਦ, ਪਰਮਿੰਦਰ ਸਿੰਘ ਬਹਿਣੀਵਾਲ ਚੇਅਰਮੈਨ ਲੀਗਲ ਸੈÎੱਲ ਕਾਂਗਰਸ ਮਾਨਸਾ, ਬਲਵਿੰਦਰ ਸਿੰਘ ਸੋਢੀ, ਬਿੱਕਰ ਸਿੰਘ ਮਘਾਣੀਆਂ, ਭੀਮ ਸੈਨ, ਸਤੀਸ਼ ਮਹਿਤਾ, ਗੁਰਇਕਬਾਲ ਸਿੰਘ ਮਾਨਸ਼ਾਹੀਆ ਜਵਾਹਰਕੇ ਅਤੇ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਕੀ ਹਨ? ਮਾਨਸਾ ਸ਼ਹਿਰ ਦੀਆਂ ਅਹਿਮ ਸਮੱਸਿਆਵਾਂ :
ਮਾਨਸਾ ਸ਼ਹਿਰ ਵਿੱਚ ਤਿੰਨਕੋਣੀ ਤੋਂ ਲੈ ਕੇ ਬੱਸ ਸਟੈਂਡ ਤੱਕ ਬਣੀ ਸੜਕ ਬਣਾਉਣਾ।
ਸ਼ਹਿਰ ਦੇ ਛੱਪੜਾਂ ਨੂੰ ਬਚਾਉਣਾ।
ਕੂੜਾ ਡੰਪ, ਹੱਡਾ ਰੋੜੀ ਨੂੰ ਸ਼ਹਿਰ ਦੇ ਬਾਹਰ ਸ਼ਿਫਟ ਕਰਨਾ।
ਮਾਨਸਾ ਅੰਡਰ ਬਰਿਜ ਦੀ ਮੁੰਰਮਤ ਕਰਨਾ।
ਸਕੂਲਾਂ ਅੱਗੇ ਕੂੜੇ ਦੇ ਢੇਰਾਂ ਨੂੰ ਖਤਮ ਕਰਨ।
ਬੰਦ ਟਰੈਫਿਕ ਲਾਇਟਾਂ ਚਾਲੂ ਕਰਨ।
ਸੀਵਰੇਜ ਟਰੀਟਮੈਂਟ ਪਲਾਂਟ ਦੀ ਮੁਰੰਮਤ।
ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।
ਕੋਟ ਦਾ ਟਿੱਬਾ ਉੱਪਰ ਲਗਾਤਾਰ ਓਵਰ ਫਲੋਅ ਦੀ ਜਾਂਚ ਕਰਵਾਉਣਾ।