ਆਮ ਆਦਮੀ ਪਾਰਟੀ ਪੰਜਾਬ ’ਚ ਟੋਪੀ ਤੋਂ ਕੇਸਰੀ ਪੱਗ ’ਚ ਹੋਈ ਤਬਦੀਲ

06/24/2022 6:14:22 PM

ਮਾਲੇਰਕੋਟਲਾ (ਸ਼ਹਾਬੂਦੀਨ): ਪੱਗ ਪੰਜਾਬੀਆਂ ਦੀ ਸ਼ਾਨ ਹੋਣ ਕਾਰਨ ਪੰਜਾਬ ਦੇ ਲੋਕ ਸਿਰ ’ਤੇ ਪੱਗ ਬੰਨ੍ਹਣ ਨੂੰ ਲੈ ਕੇ ਮਾਣ ਮਹਿਸੂਸ ਕਰਦੇ ਹਨ। ਸੂਬੇ ਦੇ ਸਿਆਸੀ ਹਲਕਿਆਂ ’ਚ ਵੱਖਰੇ-ਵੱਖਰੇ ਰੰਗਾਂ ਦੀਆਂ ਪੱਗਾਂ ਦੀ ਮਹੱਤਤਾ ਅਹਿਮ ਮੰਨੀ ਜਾਂਦੀ ਹੈ, ਕਿਉਂਕਿ ਹੁਣ ਪੱਗਾਂ ਦੇ ਰੰਗ ਵੀ ਸਿਆਸੀ ਪਾਰਟੀਆਂ ਨਾਲ ਜੁੜ ਗਏ ਹਨ। ਸੰਗਰੂਰ ਲੋਕ ਸਭਾ ਸੀਟ ’ਤੇ ਚੱਲ ਰਹੀ ਜ਼ਿਮਨੀ ਚੋਣ ਦੌਰਾਨ ਜਿੱਥੇ 'ਆਪ' ਦੀ ਵੱਖਰੀ ਪਛਾਣ ਬਣ ਚੁੱਕੀਆਂ ਕੇਸਰੀ ਰੰਗ ਦੀਆਂ ਪੱਗਾਂ ਦਾ ਹੜ੍ਹ ਜਿਹਾ ਆਇਆ ਦਿਖਾਈ ਦਿੱਤਾ, ਠੀਕ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਆਗੂ ਅਤੇ ਛੋਟੇ ਵਰਕਰ ਤੱਕ ਵੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਮੇਸ਼ਾ ਨੀਲੇ ਰੰਗ ਦੀ ਪੱਗ ਹੀ ਬੰਨ੍ਹਦੇ ਹਨ ਜਿਸ ਕਾਰਨ ਨੀਲੀ ਪੱਗ ਸ਼੍ਰੋਮਣੀ ਅਕਾਲੀ ਦਲ ਦੀ ਪਹਿਚਾਣ ਬਣ ਗਈ ਹੈ। ਉਥੇ ਹੀ ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਹੋਰ ਕਾਂਗਰਸੀ ਨੇਤਾ ਚਿੱਟੀ ਪੱਗ ਨੂੰ ਤਰਜੀਹ ਦਿੰਦੇ ਸਨ। ਇਨ੍ਹਾਂ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ ਦੇ ਕਮਿਊਨਿਸਟ ਲੀਡਰ ਆਪਣੀ ਵੱਖਰੀ ਪਹਿਚਾਣ ਵਾਲੇ ਲਾਲ ਰੰਗ ਦੇ ਝੰਡੇ ਨਾਲ ਮਿਲਦੀ-ਜੁਲਦੀ ਪੱਗ ਬੰਨ੍ਹਣ ਨੂੰ ਹੀ ਪਹਿਲ ਦਿੰਦੇ ਹਨ।

ਇਹ ਵੀ ਪੜ੍ਹੋ- ਈ.ਡੀ. ਨੇ ਪੰਜਾਬ ’ਚ ਖੇਤੀ ਮਸ਼ੀਨਰੀ ਘੁਟਾਲੇ ’ਚ ਸ਼ਾਮਲ ਵਿਅਕਤੀਆਂ ਦੀ ਸੂਚੀ ਮੰਗੀ

ਦਿੱਲੀ ਦੀ ਸੱਤਾ ’ਤੇ ਕਾਬਜ਼ ਹੋਣ ਉਪਰੰਤ ਜਦੋਂ ‘ਆਪ’ ਪਾਰਟੀ ਨੇ ਪੰਜਾਬ ਦੀ ਧਰਤੀ ’ਤੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸਨ ਤਾਂ ਉਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਸਮੇਤ ਪਾਰਟੀ ਦੇ ਸਾਰੇ ਉੱਚ ਆਗੂ ਤੋਂ ਲੈ ਕੇ ਛੋਟੇ ਵਰਕਰ ਤੱਕ ਆਪਣੀ ਵੱਖਰੀ ਪਛਾਣ ਬਣਾਉਣ ਲਈ ਸਿਰ ’ਤੇ ਝਾੜੂ ਦੇ ਨਿਸ਼ਾਨ ਵਾਲੀ ਟੋਪੀ ਲੈ ਕੇ ਲੋਕਾਂ ’ਚ ਜਾ ਰਹੇ ਸਨ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਰਕਾਰੇ-ਦਰਬਾਰੇ ’ਤੇ ਆਮ ਲੋਕਾਂ ’ਚ ਇਸ ਗੱਲ ਦੀ ਚਰਚਾ ਹੁੰਦੀ ਸੀ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ’ਚ ਆ ਜਾਂਦੀ ਹੈ ਤਾਂ ਟੋਪੀਆਂ ਵਾਲੇ ਦਫਤਰਾਂ ’ਚ ਘੁੰਮਿਆ ਕਰਨਗੇ ਪਰ ਜਦੋਂ 10 ਮਾਰਚ ਨੂੰ ‘ਆਪ’ ਦੀ ਸਰਕਾਰ ਪੰਜਾਬ ਦੀ ਸੱਤਾ ’ਚ ਆਈ ਤਾਂ ਸਭ ਕੁਝ ਉਲਟ ਫੇਰ ਹੋ ਗਿਆ ਅਤੇ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਖਟਕੜ ਕਲਾਂ ਵਿਖੇ ਰੱਖੇ ਸਹੁੰ ਚੁੱਕ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਦਿੱਤੀ ਸੀ ਕਿ ਸਮਾਗਮ ’ਚ ਪੁੱਜਣ ਵਾਲੇ ਹਰੇਕ ਆਗੂ ਤੋਂ ਲੈ ਕੇ ਆਮ ਵਰਕਰ ਤੱਕ ਦੇ ਸਿਰ ’ਤੇ ਕੇਸਰੀ ਪੱਗ ਅਤੇ ਔਰਤਾਂ ਦੇ ਸਿਰ ’ਤੇ ਕੇਸਰੀ ਚੂੰਨੀ ਜ਼ਰੂਰ ਹੋਵੇ। ਜਿਸ ਤੋਂ ਬਾਅਦ ਪੰਜਾਬ ’ਚ ਆਮ ਆਦਮੀ ਪਾਰਟੀ ਟੋਪੀ ਤੋਂ ਕੇਸਰੀ ਪੱਗ ’ਚ ਤਬਦੀਲ ਹੋ ਗਈ ਅਤੇ ਅੱਜ ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮੰਤਰੀ, ਵਿਧਾਇਕ, ਹਰੇਕ ਪਾਰਟੀ ਨੇਤਾ ਅਤੇ ਵਾਲੰਟੀਅਰ ਤੱਕ ਕੇਸਰੀ ਪੱਗ ਨੂੰ ਹੀ ਆਪਣੀ ਸ਼ਾਨ ਸਮਝਣ ਲੱਗ ਪਿਆ ਹੈ। ਇਸ ਕਰ ਕੇ ਹੁਣ ਇਹ ਕੇਸਰੀ ਪੱਗ ਪੰਜਾਬ ’ਚ ‘ਆਪ’ ਪਾਰਟੀ ਦੀ ਵੱਖਰੀ ਪਛਾਣ ਬਣ ਗਈ ਹੈ। ਜਿਸ ਕਾਰਨ ਅੱਜ ‘ਆਪ’ ਪਾਰਟੀ ਨਾਲ ਜੁੜਿਆ ਹੋਇਆ ਹਰੇਕ ਪੰਜਾਬੀ ਆਪਣੇ ਸਿਰ ’ਤੇ ਕੇਸਰੀ ਰੰਗ ਦੀ ਪੱਗ ਬੰਨ੍ਹਣ ਨੂੰ ਮਾਣ ਮਹਿਸੂਸ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


Anuradha

Content Editor

Related News