ਅਹੁਦਾ ਖੁੱਸਣ ਤੋਂ ਬਾਅਦ ਖਹਿਰਾ ਨੇ ਪਾਰਟੀ ਖਿਲਾਫ ਬੋਲਣਾ ਸ਼ੁਰੂ ਕੀਤਾ : ਭਗਵੰਤ ਮਾਨ

Tuesday, Aug 07, 2018 - 08:16 PM (IST)

ਅਹੁਦਾ ਖੁੱਸਣ ਤੋਂ ਬਾਅਦ ਖਹਿਰਾ ਨੇ ਪਾਰਟੀ ਖਿਲਾਫ ਬੋਲਣਾ ਸ਼ੁਰੂ ਕੀਤਾ : ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚ ਚੱਲ ਰਹੇ ਕਲੇਸ਼ 'ਤੇ ਚੁੱਪ ਤੋੜਦੇ ਹੋਏ ਸੀਨੀਅਰ ਆਗੂ ਭਗਵੰਤ ਮਾਨ ਨੇ ਸੁਖਪਾਲ ਖਹਿਰਾ 'ਤੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਲਈ 26 ਜੁਲਾਈ 2018 ਤੋਂ ਪਹਿਲਾਂ ਪੰਜਾਬ ਖੁਦ ਮੁਖਤਿਆਰ ਸੀ ਪਰ ਜਦੋਂ 26 ਜੁਲਾਈ ਸ਼ਾਮ ਨੂੰ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਦਾ ਸੁਨੇਹਾ ਆਇਆ ਤਾਂ ਪੰਜਾਬ ਲਾਵਾਰਿਸ ਹੋ ਗਿਆ। ਮਾਨ ਨੇ ਕਿਹਾ ਕਿ ਜਿਵੇਂ ਹੀ ਸੁਖਪਾਲ ਖਹਿਰਾ ਤੋਂ ਅਹੁਦਾ ਖੁੱਸਿਆ ਤਾਂ ਉਨ੍ਹਾਂ ਪਾਰਟੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਖਹਿਰਾ ਕਹਿੰਦੇ ਸਨ ਕਿ ਮੈਂ ਬਾਦਲਾਂ ਖਿਲਾਫ ਖੁੱਲ੍ਹ ਕੇ ਬੋਲਦਾ ਰਿਹਾ ਹਾਂ, ਹੋਰ ਮੁੱਦਿਆ 'ਤੇ ਮੈਂ ਬੇਬਾਕੀ ਨਾਲ ਬੋਲਿਆ, ਖਹਿਰਾ ਹੁਣ ਵੀ ਬੋਲ ਸਕਦੇ ਹਨ ਸਿਰਫ ਅਹੁਦਾ ਹੀ ਗਿਆ ਹੈ, ਜੀਭ ਤਾਂ ਉਹੋ ਹੈ।

ਮਾਨ ਨੇ ਕਿਹਾ ਕਿ ਜਦੋਂ ਉਹ ਬੀਮਾਰ ਸਨ ਤਾਂ ਉਨ੍ਹਾਂ ਖਿਲਾਫ ਬਿਆਨਬਾਜ਼ੀ ਕੀਤੀ ਗਈ, ਜਦਕਿ ਮੈਂ ਚੁੱਪ ਸੀ ਪਰ ਮੇਰੀ ਚੁੱਪ ਨੂੰ ਹੀ ਇਨ੍ਹਾਂ ਨੇ ਮੇਰੀ ਕਮਜ਼ੋਰੀ ਸਮਝ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਨੂੰ ਮੌਕਾਪ੍ਰਸਤਾਂ ਦੇ ਹੱਥਾਂ 'ਚ ਨਹੀਂ ਜਾਣ ਦੇਣਗੇ। ਖਹਿਰਾ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਖਹਿਰਾ ਤਾਂ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਦੇ ਤਾਂ ਉਹ ਪੰਜਾਬ ਲਈ ਕੁਰਬਾਨੀ ਕਿਵੇਂ ਦੇਣਗੇ। ਪੰਜਾਬ ਇਕੱਲੇ ਖਹਿਰਾ ਦਾ ਨਹੀਂ ਹੈ। ਖਹਿਰਾ ਦਾ ਸਾਥ ਦੇਣ ਵਾਲੇ ਵਿਧਾਇਕਾਂ ਨੂੰ ਅਪੀਲ ਕਰਦਿਆਂ ਭਗੰਵਤ ਮਾਨ ਨੇ ਕਿਹਾ ਕਿ ਉਹ ਖਹਿਰਾ ਅਤੇ ਕੰਵਰ ਸੰਧੂ ਦੀਆਂ ਗੱਲਾਂ 'ਚ ਨਾ ਆਉਣ ਅਤੇ ਵਾਪਸ ਆ ਜਾਣ।


Related News