ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਬਾਦਲ

01/19/2022 2:06:55 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਕੋਈ ਵੀ ਆਗੂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਨ ਲਈ ਰਾਜ਼ੀ ਨਾ ਹੋਇਆ ਤਾਂ ਆਪ ਭਗਵੰਤ ਮਾਨ ਨੂੰ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜ ਗਈ ਹੈ। ਭਗਵੰਤ ਮਾਨ ਦੀ ਨਾਮਜ਼ਦਗੀ ਦੇ ਐਲਾਨ ਦੇ ਪ੍ਰੋਗਰਾਮ ਨੂੰ ਢੋਂਗ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਦੇ ਕਨਵੀਨਰ ਕਦੇ ਵੀ ਭਗਵੰਤ ਮਾਨ ਨੂੰ ਪੰਜਾਬ ’ਚ ਪਾਰਟੀ ਦਾ ਚਿਹਰਾ ਨਹੀਂ ਬਣਾਉਣਾ ਚਾਹੁੰਦੇ ਸਨ। ਜਦੋਂ ਭਗਵੰਤ ਮਾਨ ਉਨ੍ਹਾਂ ਦੇ ਕੋਲ ਬੈਠੇ ਹੁੰਦੇ ਸਨ ਤਾਂ ਉਦੋਂ ਵੀ ਉਹ ਵਾਰ-ਵਾਰ ਆਖਦੇ ਰਹੇ ਹਨ ਕਿ ਪਾਰਟੀ ਇਕ ਯੋਗ ਉਮੀਦਵਾਰ ਦੀ ਭਾਲ ’ਚ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਆਪ ਨੇ ਕਈ ਸੰਭਾਵੀ ਉਮੀਦਵਾਰਾਂ ਨਾਲ ਗੱਲ ਕੀਤੀ ਪਰ ਉਨ੍ਹਾਂ ਵਿਚੋਂ ਹਰ ਕੋਈ ਪਾਰਟੀ ਦੀ ਅਗਵਾਈ ਕਰਨ ਤੋਂ ਜਵਾਬ ਦੇ ਗਿਆ। ਉਨ੍ਹਾਂ ਕਿਹਾ ਕਿ ਇਹੀ ਕਾਰਣ ਹੈ ਕਿ ਜ਼ਿੰਮੇਵਾਰੀ ਭਗਵੰਤ ਮਾਨ ’ਤੇ ਸੁੱਟ ਕੇ ਸਰਵੇਖਣ ਨੂੰ ਮੰਨਣਯੋਗ ਸਾਬਿਤ ਕਰਨ ਦਾ ਯਤਨ ਕੀਤਾ ਗਿਆ। ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਆਪ ਦਾ ਚਿਹਰਾ ਬਣਾਉਣ ਨੇ ਆਪ ਦਾ ਦੀਵਾਲੀਆਪਨ ਸਾਬਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨ ਵਲੋਂ ਕੀਤੀਆਂ ਗਲਤੀਆਂ ਤੇ ਗੁਨਾਹਾਂ ’ਤੇ ਪਰਦਾ ਪਾਉਣ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਉਨ੍ਹਾਂ ਨੂੰ ਮੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ। ਹਾਲਾਂਕਿ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ’ਤੇ ਵਿਸਾਹ ਨਹੀਂ ਕੀਤਾ ਜਾ ਸਕਦਾ ਤੇ ਉਹ ਬਹੁਤ ਗੈਰ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ : ਭਰਾ ਨਾਲ ਕੋਈ ਪਰਿਵਾਰਕ ਮਤਭੇਦ ਨਹੀਂ, ਮਿਲ ਬੈਠ ਕੇ ਸੁਲਝਾ ਲਵਾਂਗੇ ਮਸਲਾ : ਚੰਨੀ

ਬਾਦਲ ਨੇ ਕੇਜਰੀਵਾਲ ਨੂੰ ਇਹ ਵੀ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਹੁਣ ਉਹ ਕਿਸ ’ਤੇ ਵਿਸ਼ਵਾਸ ਕਰਨ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਕੇਜਰੀਵਾਲ ਵਾਰ ਵਾਰ ਇਹ ਜ਼ੋਰ ਦਿੰਦੇ ਰਹੇ ਹਨ ਕਿ ਭਗਵੰਤ ਮਾਨ ਇਸ ਅਹੁਦੇ ਦੇ ਲਾਇਕ ਨਹੀਂ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਆਪ ਕੋਲ ਸਾਰੇ ਵਿਕਲਪ ਖਤਮ ਹੋ ਗਏ ਤਾਂ ਉਸ ਨੇ ਪੰਜਾਬ ’ਚ ਪਾਰਟੀ ਦੀ ਅਗਵਾਈ ਕਰਨ ਵਾਸਤੇ ਮਾਨ ਨੂੰ ਚੁਣਿਆ ਤੇ ਇਹ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ ਕੇਜਰੀਵਾਲ ’ਤੇ ਵਿਸ਼ਵਾਸ ਕਿਉਂ ਕਰਨ ਜਿਸ ਨੇ ਇਕ ਸਾਲ ਤੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਮੰਨਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਇੰਨੇ ਲੋਲੜ ਨਾ ਸਮਝਣ ਕਿ ਉਸ ਦੀ ਰਬੜ ਦੀ ਮੋਹਰ ਨੁੰ ਪ੍ਰਵਾਨਗੀ ਦੇ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਕ ਮਜ਼ਬੂਤ ਤੇ ਫੈਸਲਾ ਲੈਣ ਵਾਲੀ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਸ ਲੀਡਰ ਦਾ ਰਿਕਾਰਡ ਤੇਜ਼ ਰਫ਼ਤਾਰ ਵਿਕਾਸ ਕਰਨ ਅਤੇ ਅਮਨ ਕਾਨੂੰਨ ਵਿਵਸਥਾ ਤੇ ਫਿਰਕੂ ਸਦਭਾਵਨਾ ਇਸ ਸਰਹੱਦੀ ਸੂਬੇ ’ਚ ਕਾਇਮ ਰੱਖਣ ਦਾ ਰਿਹਾ ਹੋਵੇ, ਭਗਵੰਤ ਮਾਨ ਇਸ ਦੇ ਲਾਇਕ ਨਹੀਂ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਜਪਾ ’ਚ ਗਿਆ ਕਾਂਗਰਸੀ ਲੀਡਰ ਕਰੇਗਾ ਘਰ ਵਾਪਸੀ!

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News